Indus Waters Treaty Row: ਇਸਹਾਕ ਡਾਰ ਨੇ ਸਿੰਧ ਜਲ ਸੰਧੀ ਬਾਰੇ ਪੱਤਰ ਲਿਖਿਆ
ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਵੱਲੋਂ ਸਿੰਧ ਜਲ ਸੰਧੀ ਦੀ ਕੀਤੀ ਜਾ ਰਹੀ ਕਥਿਤ ਉਲੰਘਣਾ ਦਾ ਨੋਟਿਸ ਲਏ। ਇਹ ਸੰਧੀ 1960 ਵਿੱਚ ਆਲਮੀ ਬੈਂਕ ਦੀ ਵਿਚੋਲਗੀ...
ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਵੱਲੋਂ ਸਿੰਧ ਜਲ ਸੰਧੀ ਦੀ ਕੀਤੀ ਜਾ ਰਹੀ ਕਥਿਤ ਉਲੰਘਣਾ ਦਾ ਨੋਟਿਸ ਲਏ। ਇਹ ਸੰਧੀ 1960 ਵਿੱਚ ਆਲਮੀ ਬੈਂਕ ਦੀ ਵਿਚੋਲਗੀ ਨਾਲ ਹੋਂਦ ਵਿੱਚ ਆਈ ਸੀ। ਭਾਰਤ ਨੇ ਪਿਛਲੇ ਸਾਲ ਅਪਰੈਲ ਵਿੱਚ ਪਹਿਲਗਾਮ ਦਹਿਸ਼ਤੀ ਹਮਲੇ (ਜਿਸ ਵਿੱਚ 26 ਆਮ ਨਾਗਰਿਕਾਂ ਦੀ ਜਾਨ ਜਾਂਦੀ ਰਹੀ ਸੀ) ਮਗਰੋਂ ਇਸ ਨੂੰ ਮੁਅੱਤਲ ਕਰ ਦਿੱਤਾ ਸੀ। ਇਹ ਸੰਧੀ 1960 ਤੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਿੰਧ ਦਰਿਆ ਅਤੇ ਇਸ ਦੇ ਸਹਾਇਕ ਦਰਿਆਵਾਂ ਦੇ ਪਾਣੀਆਂ ਦੀ ਵੰਡ ਅਤੇ ਵਰਤੋਂ ਨੂੰ ਕੰਟਰੋਲ ਕਰਦੀ ਆ ਰਹੀ ਹੈ। ਯੂ ਐੱਨ ਵਿੱਚ ਪਾਕਿਸਤਾਨ ਦੇ ਸਥਾਈ ਪ੍ਰਤੀਨਿਧ ਆਸਿਮ ਇਖ਼ਤਿਖ਼ਾਰ ਅਹਿਮਦ ਨੇ ਕਿਹਾ ਕਿ ਉਨ੍ਹਾਂ ਡਾਰ ਵੱਲੋਂ ਲਿਖਿਆ ਪੱਤਰ ਯੂ ਐੱਨ ਐੱਸ ਸੀ ਪ੍ਰਧਾਨ ਲਿਓਨੌਰ ਜ਼ਾਲਾਬਾਟਾ ਨੂੰ ਸੌਂਪ ਦਿੱਤਾ ਹੈ। ਪੱਤਰ ਵਿੱਚ ਸਿੰਧ ਜਲ ਸੰਧੀ ਨਾਲ ਜੁੜੇ ਫ਼ਿਕਰਾਂ ਨੂੰ ਉਭਾਰਿਆ ਗਿਆ ਹੈ। ਡਾਰ ਇਸ ਤੋਂ ਪਹਿਲਾਂ ਅਪਰੈਲ ਵਿੱਚ ਵੀ ਯੂ ਐੱਨ ਐੱਸ ਸੀ ਪ੍ਰਧਾਨ ਨੂੰ ਮਿਲਦਾ ਜੁਲਦਾ ਪੱਤਰ ਲਿਖ ਚੁੱਕੇ ਹਨ।
ਸਿੰਧ ਜਲ ਸੰਧੀ ‘ਪੁਰਾਣੀ’ ਤੇ ਮੌਜੂਦਾ ਹਕੀਕਤਾਂ ਤੋਂ ਪਰੇ: ਭਾਰਤ
ਜਨੇਵਾ: ਭਾਰਤ ਨੇ ਸਿੰਧ ਜਲ ਸੰਧੀ ਨੂੰ ‘ਵੇਲ਼ਾ ਵਿਹਾਅ’ ਚੁੱਕੀ ਤੇ ਮੌਜੂਦਾ ਹਕੀਕਤਾਂ ਤੋਂ ਕੋਹਾਂ ਦੂਰ ਦੱਸਦਿਆਂ ਪਾਕਿਸਤਾਨ ਵੱਲੋਂ ਇਹ ਮਸਲਾ ਸੰਯੁਕਤ ਰਾਸ਼ਟਰ ਵਿੱਚ ਚੁੱਕਣ ਉੱਤੇ ਸਖ਼ਤ ਇਤਰਾਜ਼ ਜਤਾਇਆ ਹੈ। ਯੂ ਐੱਨ ’ਚ ਭਾਰਤ ਦੇ ਸਥਾਈ ਮਿਸ਼ਨ ’ਚ ਪ੍ਰਥਮ ਸਕੱਤਰ ਅਨੁਪਮਾ ਸਿੰਘ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ 62ਵੇਂ ਇਜਲਾਸ ਦੌਰਾਨ ਭਾਰਤ ਵੱਲੋਂ ਜਵਾਬ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਦਿਆਂ ਪਾਕਿਸਤਾਨ ਵੱਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਅਤੇ ਕੌਮਾਂਤਰੀ ਮੰਚਾਂ ਉੱਤੇ ਵਾਰ-ਵਾਰ ਦੁਵੱਲੇ ਮਸਲਿਆਂ ਨੂੰ ਚੁੱਕਣ ਦੀਆਂ ਕੋਸ਼ਿਸ਼ਾਂ ਲਈ ਇਸਲਾਮਾਬਾਦ ਦੀ ਨੁਕਤਾਚੀਨੀ ਕੀਤੀ। ਭਾਰਤ ਨੇ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਸਿੰਧ ਜਲ ਸੰਧੀ ਬਾਰੇ ਸਾਡਾ ਸਟੈਂਡ ਕਿਸੇ ਤੋਂ ਲੁਕਿਆ ਨਹੀਂ, ਪਰ ਇਕ ਮੁਲਕ, ਜੋ ਲਗਾਤਾਰ ਅਤਿਵਾਦ ਦੀ ਪੁਸ਼ਤ ਪਨਾਹੀ ਕਰਦਾ ਆ ਰਿਹਾ ਹੈ, ਉਹ ਸਦਭਾਵਨਾ ਅਤੇ ਦੋਸਤੀ ’ਤੇ ਅਧਾਰਤ ਸਹਿਯੋਗ ਦੇ ਲਾਹੇ ਦੀ ਉਮੀਦ ਨਹੀਂ ਕਰ ਸਕਦਾ। ਕੋਈ ਵੀ ਤਕਨੀਕੀ ਪ੍ਰਬੰਧ ਸਮੇਂ ਦੇ ਨਾਲ ਸਥਿਰ ਨਹੀਂ ਰਹਿ ਸਕਦਾ ਖਾਸ ਕਰ ਕੇ ਉਦੋਂ ਜਦੋਂ ਇਸ ਦੇ ਆਲੇ ਦੁਆਲੇ ਦੀ ਦੁਨੀਆ ਬਦਲ ਰਹੀ ਹੋਵੇ। -ਏਐੱਨਆਈ
