Devdutt Padikkal ਦੇ ਨਾਬਾਦ ਸੈਂਕੜੇ ਨਾਲ ਸ਼੍ਰੀਲੰਕਾ ਖ਼ਿਲਾਫ਼ ਭਾਰਤ ਦੀ ਮਜ਼ਬੂਤ ਸ਼ੁਰੂਆਤ
ਭਾਰਤ ਨੇ ਪਹਿਲੇ ਟੈਸਟ ਦੇ ਸ਼ੁਰੂਆਤੀ ਦਿਨ ਦੋ ਵਿਕਟਾਂ 'ਤੇ 288 ਦੌੜਾਂ ਬਣਾਈਆਂ
ਭਾਰਤ ਨੇ ਸ਼੍ਰੀਲੰਕਾ ਖ਼ਿਲਾਫ਼ ਪਹਿਲੇ ਟੈਸਟ ਦੇ ਸ਼ੁਰੂਆਤੀ ਦਿਨ ਦੋ ਵਿਕਟਾਂ 'ਤੇ 288 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਇਸ ਦੋਰਾਨ ਲੰਮੇ ਸਮੇਂ ਬਾਅਦ ਟੈਸਟ ਕ੍ਰਿਕਟ ਵਿੱਚ ਵਾਪਸੀ ਕਰ ਰਹੇ ਦੇਵਦੱਤ ਪਡਿੱਕਲ ਨੇ ਨਾਬਾਦ 131 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਆਸਟਰੇਲੀਆ ਖ਼ਿਲਾਫ਼ 2024 ਵਿੱਚ ਪਰਥ 'ਚ ਆਪਣਾ ਪਿਛਲਾ ਟੈਸਟ ਖੇਡਣ ਵਾਲੇ ਪਡਿੱਕਲ ਨੇ 134 ਗੇਂਦਾਂ ਵਿੱਚ ਪਹਿਲਾ ਕੌਮਾਂਤਰੀ ਸੈਂਕੜਾ ਪੂਰਾ ਕੀਤਾ। ਦਿਨ ਦੀ ਖ਼ੇਡ ਖ਼ਤਮ ਹੋਣ ਤੱਕ ਉਹ 178 ਗੇਂਦਾਂ ਵਿੱਚ 12 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 131 ਦੌੜਾਂ ਬਣਾ ਕੇ ਨਾਬਾਦ ਸਨ। ਉਨ੍ਹਾਂ ਦੇ ਨਾਲ ਰਿਸ਼ਭ ਪੰਤ 27 ਦੌੜਾਂ 'ਤੇ ਖੇਡ ਰਹੇ ਸਨ ਅਤੇ ਦੋਵਾਂ ਨੇ ਤੀਜੀ ਵਿਕਟ ਲਈ 52 ਦੌੜਾਂ ਦੀ ਸਾਂਝੇਦਾਰੀ ਕਰ ਲਈ ਸੀ।
ਇਸ ਤੋਂ ਪਹਿਲਾਂ ਲੋਕੇਸ਼ ਰਾਹੁਲ 77 ਦੌੜਾਂ 'ਤੇ ਰਿਟਾਇਰ ਹਰਟ ਹੋਏ। ਉਨ੍ਹਾਂ ਨੇ ਦੂਜੀ ਵਿਕਟ ਲਈ ਪਡਿੱਕਲ ਦੇ ਨਾਲ 150 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਵਿੱਚ ਪਡਿੱਕਲ ਨੇ ਲਗਾਤਾਰ ਹਮਲਾਵਰ ਅੰਦਾਜ਼ ਵਿੱਚ ਬੱਲੇਬਾਜ਼ੀ ਕਰਦਿਆਂ ਸ਼੍ਰੀਲੰਕਾਈ ਗੇਂਦਬਾਜ਼ਾਂ 'ਤੇ ਦਬਾਅ ਬਣਾ ਕੇ ਰੱਖਿਆ।
ਦੂਜੇ ਸਿਰੇ 'ਤੇ ਰਾਹੁਲ ਸ਼੍ਰੀਲੰਕਾਈ ਗੇਂਦਬਾਜ਼ਾਂ ਖ਼ਿਲਾਫ਼ ਮਜ਼ਬੂਤੀ ਨਾਲ ਡਟੇ ਰਹੇ। ਉਨ੍ਹਾਂ ਨੇ 127 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ। ਦਿਨ ਦੀ ਸਭ ਤੋਂ ਵੱਡੀ ਚੁਣੌਤੀ ਦੋਵਾਂ ਬੱਲੇਬਾਜ਼ਾਂ ਲਈ ਮੀਂਹ ਕਾਰਨ ਕਰੀਬ ਇੱਕ ਘੰਟਾ 20 ਮਿੰਟ ਦੀ ਖ਼ੇਡ ਵਿੱਚ ਆਈ ਰੁਕਾਵਟ ਰਹੀ। ਇਸ ਬ੍ਰੇਕ ਤੋਂ ਬਾਅਦ ਵੀ ਸ਼੍ਰੀਲੰਕਾਈ ਗੇਂਦਬਾਜ਼ ਇਨ੍ਹਾਂ ਦੋਵਾਂ ਨੂੰ ਜ਼ਿਆਦਾ ਪਰੇਸ਼ਾਨ ਨਹੀਂ ਕਰ ਸਕੇ। ਆਖ਼ਰਕਾਰ ਆਖ਼ਰੀ ਸੈਸ਼ਨ ਵਿੱਚ ਰਾਹੁਲ ਨੂੰ ਬਾਂਹ ਵਿੱਚ ਖਿੱਚ (ਕ੍ਰੈਂਪ) ਕਾਰਨ ਮੈਦਾਨ ਛੱਡਣਾ ਪਿਆ।
ਭਾਰਤੀ ਬੱਲੇਬਾਜ਼ਾਂ ਦੇ ਲਗਾਤਾਰ ਦਬਾਅ ਤੋਂ ਪਰੇਸ਼ਾਨ ਸ਼੍ਰੀਲੰਕਾ ਨੂੰ ਆਖ਼ਰਕਾਰ ਇੱਕ ਸਫ਼ਲਤਾ ਜ਼ਰੂਰ ਮਿਲੀ। ਜੈਸੂਰਿਆ ਨੇ ਗੇਂਦ ਨੂੰ ਹਵਾ ਵਿੱਚ ਹੌਲੀ ਰੱਖਦਿਆਂ ਸ਼ੁਭਮਨ ਗਿੱਲ ਨੂੰ ਚਕਮਾ ਦਿੱਤਾ ਅਤੇ ਗਿੱਲ 16 ਦੌੜਾਂ ਬਣਾ ਕੇ ਆਊਟ ਹੋਏ।
ਇਸ ਤੋਂ ਪਹਿਲਾਂ ਸ਼੍ਰੀਲੰਕਾ ਨੂੰ ਇਕੋ-ਇਕ ਹੋਰ ਸਫ਼ਲਤਾ ਵੀ ਕੁਝ ਹੱਦ ਤੱਕ ਭਾਰਤੀ ਬੱਲੇਬਾਜ਼ਾਂ ਵਿਚਕਾਰ ਤਾਲਮੇਲ ਦੀ ਘਾਟ ਕਾਰਨ ਮਿਲੀ ਸੀ। ਰਾਹੁਲ ਅਤੇ ਯਸ਼ਸਵੀ ਜਾਇਸਵਾਲ ਵਿਚਕਾਰ ਦੌੜ ਲੈਣ ਨੂੰ ਲੈ ਕੇ ਭੁਲੇਖੇ ਦੀ ਸਥਿਤੀ ਪੈਦਾ ਹੋਈ ਅਤੇ ਦੋਵੇਂ ਬੱਲੇਬਾਜ਼ ਨਾਨ-ਸ੍ਰਾਈਕਰ ਸਿਰੇ 'ਤੇ ਪਹੁੰਚ ਗਏ। ਗੇਂਦਬਾਜ਼ ਨਾਲ ਟਕਰਾਉਣ ਤੋਂ ਬਾਅਦ ਸੰਤੁਲਨ ਗੁਆਉਣ ਵਾਲੇ ਜਾਇਸਵਾਲ ਨੂੰ ਰਨ ਆਊਟ ਹੋ ਕੇ ਆਖ਼ਰਕਾਰ ਪਵੇਲੀਅਨ ਪਰਤਣਾ ਪਿਆ।

