India ਦਾ Hockey World cup ਤਗ਼ਮੇ ਦਾ Dream ਟੁੱਟਿਆ
ਸੈਮੀ ਫਾਈਨਲ ’ਚ ਪੁੱਜਣ ਦੀਆਂ ਆਸਾਂ ’ਤੇ ਪਾਣੀ ਫਿਰਿਆ; ਭਾਰਤੀ ਖਿਡਾਰਨਾਂ ਦੀਆਂ ਅੱਖਾਂ ’ਚ ਹੰਝੂ
ਇੱਥੇ ਐਤਵਾਰ ਨੂੰ ਆਸਟਰੇਲੀਆ ਵਿਰੁੱਧ ਮੈਚ ਬਿਨਾਂ ਕਿਸੇ ਗੋਲ ਦੇ ਡਰਾਅ ਰਹਿਣ ਤੋਂ ਬਾਅਦ, ਮਹਿਲਾ ਹਾਕੀ ਟੀਮ ਦੇ ਆਲਮੀ ਹਾਕੀ ਕੱਪ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਦੀਆਂ ਆਸਾਂ ਦੇ ਦਿਲ ਕੱਢਵੇਂ ਅੰਤ ਨਾਲ ਭਾਰਤੀ ਖੇਮੇ ਵਿੱਚ ਖੁੱਲ੍ਹ ਕੇ ਹੰਝੂ ਵਹੇ। ਜਿਵੇਂ ਹੀ ਆਖਰੀ ਹੂਟਰ ਵੱਜਿਆ, ਡਗਆਊਟ ਵਿੱਚ ਬੈਠੀ ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਅਤੇ ਬਿਛੂ ਦੇਵੀ ਫੁੱਟ-ਫੁੱਟ ਕੇ ਰੋ ਪਈਆਂ। ਆਪਣਾ ਪਹਿਲਾ ਆਲਮੀ ਕੱਪ ਖੇਡ ਰਹੀ ਇਸ਼ਿਕਾ ਚੌਧਰੀ ਉਨ੍ਹਾਂ ਦੇ ਪਿੱਛੇ ਬੈਠੀ, ਖੁੰਝੇ ਹੋਏ ਮੌਕੇ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ ਖਾਲੀ ਅੱਖਾਂ ਨਾਲ ਦੇਖਦੀ ਰਹੀ, ਜਿਸ ਟੀਮ ਨੇ ਸੁਪਨਾ ਦੇਖਣ ਦੀ ਹਿੰਮਤ ਕੀਤੀ ਸੀ ਅਤੇ ਉਸ ਸੁਪਨੇ ਨੂੰ ਮਹਿਲਾ ਹਾਕੀ ਆਲਮੀ ਕੱਪ ਵਿੱਚ ਭਾਰਤ ਦਾ ਪਹਿਲਾ ਤਗ਼ਮਾ ਬਣਾਉਣ ਦੇ ਸਮਰੱਥ ਜਾਪਦੀ ਸੀ, ਉਸ ਮੁਹਿੰਮ ਦਾ ਅੰਤ ਹੰਝੂਆਂ ਅਤੇ ਦਿਲ ਟੁੱਟਣ ਨਾਲ ਹੋਇਆ।
ਭਾਰਤ ਨੇ ਆਸਟਰੇਲੀਆ ਦੇ ਬਰਾਬਰ ਅੰਕ ਪ੍ਰਾਪਤ ਕੀਤੇ ਪਰ ਗੋਲ ਫਰਕ ਦੇ ਆਧਾਰ ’ਤੇ ਸੈਮੀ ਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਿਆ। ਜਦੋਂ ਖਿਡਾਰਨਾਂ ਮੈਦਾਨ ਤੋਂ ਬਾਹਰ ਜਾ ਰਹੀਆਂ ਸਨ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਨਿਰਾਸ਼ਾ ਸਾਫ ਦਿਖਾਈ ਦੇ ਰਹੀ ਸੀ। ਉਨ੍ਹਾਂ ਵਿੱਚੋਂ ਕਈਆਂ ਦੀਆਂ ਅੱਖਾਂ ਲਾਲ ਸਨ ਅਤੇ ਟੀਮ ਦੀ ਬੱਸ ਵਿੱਚ ਚੜ੍ਹਨ ਤੋਂ ਪਹਿਲਾਂ ਉਹ ਆਪਣੇ ਹੰਝੂ ਰੋਕਣ ਲਈ ਸੰਘਰਸ਼ ਕਰ ਰਹੀਆਂ ਸਨ। ਆਪਣੇ ਪਹਿਲੇ ਆਲਮੀ ਕੱਪ ਵਿੱਚ ਖੇਡ ਰਹੀਆਂ 11 ਖਿਡਾਰਨਾਂ ਵਾਲੀ ਟੀਮ ਲਈ ਹਾਰ ਨੂੰ ਹਜ਼ਮ ਕਰਨਾ ਮੁਸ਼ਕਲ ਸੀ।
ਮੈਨੂੰ ਟੀਮ ’ਤੇ ਮਾਣ ਹੈ: ਕੋਚ
ਐਮਸਟਲਵੀਨ: ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਜੋਰਡ ਮੈਰੀਨ ਨੇ ਸਵੀਕਾਰ ਕੀਤਾ ਕਿ ਆਸਟਰੇਲੀਆ ਵਿਰੁੱਧ ਗੋਲ-ਰਹਿਤ ਡਰਾਅ ਮੁਕਾਬਲੇ ਵਿੱਚ ਘਬਰਾਹਟ ਉਨ੍ਹਾਂ ਦੀ ਟੀਮ ’ਤੇ ਭਾਰੀ ਪੈ ਗਈ। ਉਨ੍ਹਾਂ ਹੋਰ ਕਿਹਾ ਕਿ ਆਲਮੀ ਕੱਪ ਵਿੱਚ ਪੰਜਵੇਂ-ਛੇਵੇਂ ਸਥਾਨ ਦੇ ਪਲੇਅ-ਆਫ ਤੱਕ ਪਹੁੰਚਣਾ ਫਿਰ ਵੀ ਇੱਕ ਮਹੱਤਵਪੂਰਨ ਪ੍ਰਾਪਤੀ ਹੈ ਤੇ ਮੈਨੂੰ ਮੇਰੀ ਟੀਮ ’ਤੇ ਮਾਣ ਹੈ। ਭਾਰਤ ਲਾਜ਼ਮੀ ਤੌਰ ’ਤੇ ਜਿੱਤਣ ਵਾਲੇ ਮੈਚ ਦੇ ਦਬਾਅ ਅੱਗੇ ਝੁਕ ਗਿਆ ਅਤੇ ਐਤਵਾਰ ਨੂੰ ਆਸਟਰੇਲੀਆ ਹੱਥੋਂ ਗੋਲ-ਰਹਿਤ ਡਰਾਅ ਰਹਿਣ ਤੋਂ ਬਾਅਦ ਸੈਮੀ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ। ਉਨ੍ਹਾਂ ਕਿਹਾ, ‘‘ਇੰਝ ਜਾਪਦਾ ਸੀ ਜਿਵੇਂ ਖਿਡਾਰਨਾਂ ਘਬਰਾਹਟ ’ਚ ਸਨ। ਅਸੀਂ ਉਸ ਤਰ੍ਹਾਂ ਦੀ ਖੇਡ ਨਹੀਂ ਖੇਡੀ, ਜਿਵੇਂ ਅਸੀਂ ਖੇਡਣਾ ਚਾਹੁੰਦੇ ਸੀ।’’ -ਪੀਟੀਆਈ

