ਭਾਰਤੀ ਮਹਿਲਾ Badminton Team ਨੇ Ukraine ਨੂੰ 4-1 ਨਾਲ ਹਰਾਇਆ
ਉੱਨਤੀ, ਤਨਵੀ ਅਤੇ ਦੇਵਿਕਾ ਨੇ ਸਿੰਗਲਜ਼ ਮੁਕਾਬਲੇ ਜਿੱਤੇ
ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਅੱਜ ਇੱਥੇ ਥਾਮਸ ਅਤੇ ਉਬੇਰ ਕੱਪ 2026 ਦੇ ਗਰੁੱਪ ‘ਏ’ ਦੇ ਆਪਣੇ ਦੂਜੇ ਮੁਕਾਬਲੇ ਵਿੱਚ ਯੂਕਰੇਨ ਨੂੰ 4-1 ਨਾਲ ਮਾਤ ਦਿੱਤੀ। ਯੂਰਪੀਅਨ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਯੂਕਰੇਨ ਖ਼ਿਲਾਫ਼ ਭਾਰਤੀ ਨੌਜਵਾਨ ਖਿਡਾਰਨਾਂ ਨੇ ਦਬਦਬਾ ਬਣਾਈ ਰੱਖਿਆ। ਇਸ ਜਿੱਤ ਨਾਲ ਭਾਰਤ ਨੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਸਫਲਤਾ ਦਰਜ ਕੀਤੀ ਹੈ। ਭਾਰਤੀ ਟੀਮ ਨੇ ਰਣਨੀਤੀ ਤਹਿਤ ਸਾਬਕਾ ਵਿਸ਼ਵ ਚੈਂਪੀਅਨ ਪੀ ਵੀ ਸਿੰਧੂ ਨੂੰ ਸਿੰਗਲਜ਼ ਮੈਚ ਤੋਂ ਆਰਾਮ ਦਿੱਤਾ। ਉੱਨਤੀ ਹੁੱਡਾ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਉਂਦਿਆਂ ਪੋਲੀਨਾ ਬੁਹਰੋਵਾ ਨੂੰ 21-19, 22-20 ਨਾਲ ਹਰਾਇਆ। ਇਸ ਤੋਂ ਬਾਅਦ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਤਨਵੀ ਸ਼ਰਮਾ ਨੇ ਯੇਵਹੇਨੀਆ ਕਾਂਤੇਮੀਰ ਨੂੰ 21-12, 17-21, 21-10 ਨਾਲ ਹਰਾ ਕੇ ਭਾਰਤ ਦੀ ਲੀਡ ਦੁੱਗਣੀ ਕਰ ਦਿੱਤੀ। ਤੀਜੇ ਸਿੰਗਲਜ਼ ਵਿੱਚ ਦੇਵਿਕਾ ਸਿਹਾਗ ਨੇ ਮਾਰੀਆ ਸਟੋਲੀਆਰੇਨਕੋ ਨੂੰ 23-21, 21-13 ਨਾਲ ਹਰਾ ਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਭਾਰਤ ਨੂੰ ਹਾਰ ਮਹਿਲਾ ਡਬਲਜ਼ ਵਿੱਚ ਮਿਲੀ, ਜਿੱਥੇ ਕਵਿਪ੍ਰਿਆ ਸੇਲਵਮ ਅਤੇ ਸਿਮਰਨ ਸਿੰਘੀ ਦੀ ਜੋੜੀ 11-21, 17-21 ਨਾਲ ਹਾਰ ਗਈ।

