ਮਹਿਲਾ Junior Asia Cup ਵਿੱਚ 5 September ਨੂੰ South Korea ਨਾਲ ਭਿੜੇਗੀ Indian Team
ਭਾਰਤ ਦੇ ਪੂਲ ਵਿੱਚ ਮਲੇਸ਼ੀਆ, ਜਪਾਨ ਤੇ ਚੀਨ ਵੀ ਸ਼ਾਮਲ
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਏ ਐੱਚ ਐੱਫ ਮਹਿਲਾ ਜੂਨੀਅਰ ਏਸ਼ੀਆ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ 5 ਸਤੰਬਰ ਨੂੰ ਦੱਖਣੀ ਕੋਰੀਆ ਖ਼ਿਲਾਫ਼ ਕਰੇਗੀ। ਇਹ ਟੂਰਨਾਮੈਂਟ ਚੀਨ ਦੇ ਸ਼ਹਿਰ ਮੋਕੀ ਵਿੱਚ 4 ਤੋਂ 13 ਸਤੰਬਰ ਤੱਕ ਖੇਡਿਆ ਜਾਵੇਗਾ। ਮਿਡਫੀਲਡਰ ਖੈਦੇਮ ਸ਼ਿਲੇਮਾ ਚਾਨੂ ਭਾਰਤੀ ਟੀਮ ਦੀ ਅਗਵਾਈ ਕਰੇਗੀ। ਭਾਰਤ ਨੂੰ ਮੇਜ਼ਬਾਨ ਚੀਨ, ਜਪਾਨ, ਦੱਖਣੀ ਕੋਰੀਆ ਅਤੇ ਮਲੇਸ਼ੀਆ ਦੇ ਨਾਲ ਇਲੀਟ ਪੂਲ ਵਿੱਚ ਰੱਖਿਆ ਗਿਆ ਹੈ। ਦੱਖਣੀ ਕੋਰੀਆ ਨਾਲ ਮੁਕਾਬਲੇ ਮਗਰੋਂ ਭਾਰਤੀ ਟੀਮ 6 ਸਤੰਬਰ ਨੂੰ ਮਲੇਸ਼ੀਆ, 8 ਨੂੰ ਜਪਾਨ ਤੇ 9 ਨੂੰ ਚੀਨ ਦਾ ਸਾਹਮਣਾ ਕਰੇਗੀ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 13 ਸਤੰਬਰ ਨੂੰ ਖੇਡਿਆ ਜਾਵੇਗਾ।
ਇਨ੍ਹਾਂ ਮੁਕਾਬਲਿਆਂ ਲਈ 18 ਮੈਂਬਰੀ ਟੀਮ ਨੇ ਨਵੇਂ ਨਿਯੁਕਤ ਕੀਤੇ ਗਏ ਕੋਚ ਟਿਮ ਵ੍ਹਾਈਟ ਦੀ ਦੇਖ-ਰੇਖ ਹੇਠ ਬੰਗਲੂਰੂ ਵਿੱਚ ਸਖ਼ਤ ਅਭਿਆਸ ਕੀਤਾ ਹੈ। ਕੋਚ ਨੇ ਟੀਮ ਦੀ ਤਿਆਰੀ ’ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਇੰਡੀਆ ਏ ਟੀਮ ਨਾਲ ਖੇਡੇ ਗਏ ਚਾਰ ਅਭਿਆਸ ਮੈਚਾਂ ਨਾਲ ਖਿਡਾਰਨਾਂ ਨੂੰ ਵਧੀਆ ਤਜਰਬਾ ਮਿਲਿਆ। ਭਾਰਤੀ ਟੀਮ ਏਸ਼ੀਆ ਦੀਆਂ ਬਿਹਤਰੀਨ ਟੀਮਾਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 5 ਤੋਂ 14 ਜੁਲਾਈ ਤੱਕ ਇੰਗਲੈਂਡ ਦਾ ਦੌਰਾ ਕੀਤਾ ਸੀ, ਜਿਸ ਮਗਰੋਂ ਖਿਡਾਰਨਾਂ ਦਾ ਆਤਮ-ਵਿਸ਼ਵਾਸ ਕਾਫ਼ੀ ਵਧਿਆ ਹੈ। ਇਸ ਦੌਰੇ ਦੌਰਾਨ ਭਾਰਤ ਨੇ ਅਮਰੀਕਾ ਨੂੰ 6-0 ਨਾਲ ਮਾਤ ਦਿੱਤੀ ਅਤੇ ਫਿਰ ਇੰਗਲੈਂਡ ਖ਼ਿਲਾਫ਼ ਲਗਾਤਾਰ ਦੋ ਮੈਚਾਂ ਵਿੱਚ 2-0 ਨਾਲ ਜਿੱਤ ਦਰਜ ਕੀਤੀ। ਟੀਮ ਨੇ ਸਕਾਟਲੈਂਡ ਦੀ ਸੀਨੀਅਰ ਟੀਮ ਅਤੇ ਬੈਲਜੀਅਮ ਦੀ ਅੰਡਰ-21 ਟੀਮ ਖ਼ਿਲਾਫ਼ ਖੇਡ ਕੇ ਵੀ ਅਹਿਮ ਤਜਰਬਾ ਹਾਸਲ ਕੀਤਾ ਹੈ।

