Afghanistan ਖ਼ਿਲਾਫ਼ Series ਲਈ ਭਾਰਤੀ ਟੀਮ ਦੀ ਚੋਣ 19 ਨੂੰ
ਟੈਸਟ ਜਾਂ ਇੱਕ ਰੋਜ਼ਾ ’ਚੋਂ ਸਿਰਫ਼ ਇੱਕ ਲਡ਼ੀ ਖੇਡੇਗਾ ਬੁਮਰਾਹ; ਨਵੇਂ ਤੇਜ਼ ਗੇਂਦਬਾਜ਼ ਪ੍ਰਿੰਸ ਯਾਦਵ ਨੂੰ ਮਿਲ ਸਕਦੈ ਮੌਕਾ
ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਗਲੇ ਮਹੀਨੇ ਅਫ਼ਗਾਨਿਸਤਾਨ ਖ਼ਿਲਾਫ਼ ਹੋਣ ਵਾਲੇ ਟੈਸਟ ਜਾਂ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ’ਚੋਂ ਸਿਰਫ਼ ਇੱਕ ਹੀ ਖੇਡ ਵੰਨਗੀ ਵਿੱਚ ਖੇਡੇਗਾ। ਅਜੀਤ ਅਗਰਕਰ ਦੀ ਅਗਵਾਈ ਹੇਠਲੀ ਕੌਮੀ ਚੋਣ ਕਮੇਟੀ ਉਸ ਦੇ ਕੰਮ ਦੇ ਬੋਝ ਨੂੰ ਧਿਆਨ ਵਿੱਚ ਰੱਖਦਿਆਂ 19 ਮਈ ਨੂੰ ਟੀਮਾਂ ਦਾ ਐਲਾਨ ਕਰੇਗੀ। ਜੇ ਬੁਮਰਾਹ ਟੈਸਟ ਖੇਡਦਾ ਹੈ ਤਾਂ ਇੱਕ ਰੋਜ਼ਾ ਲੜੀ ਤੋਂ ਬਾਹਰ ਹੋਵੇਗਾ।
ਅਫ਼ਗਾਨਿਸਤਾਨ ਖ਼ਿਲਾਫ਼ ਇੱਕੋ-ਇੱਕ ਟੈਸਟ ਮੈਚ ਨਿਊ ਚੰਡੀਗੜ੍ਹ ਵਿੱਚ 6 ਤੋਂ 10 ਜੂਨ ਤੱਕ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤਿੰਨ ਇੱਕ ਰੋਜ਼ਾ ਮੈਚ ਕ੍ਰਮਵਾਰ 14 ਜੂਨ ਨੂੰ ਧਰਮਸ਼ਾਲਾ, 17 ਜੂਨ ਨੂੰ ਲਖਨਊ ਅਤੇ 20 ਜੂਨ ਨੂੰ ਚੇਨੱਈ ਵਿੱਚ ਹੋਣਗੇ। ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਦੇ ਫਿੱਟ ਨਾ ਹੋਣ ਕਾਰਨ ਦਿੱਲੀ ਦੇ ਪ੍ਰਿੰਸ ਯਾਦਵ ਦੇ ਨਾਂ ’ਤੇ ਵਿਚਾਰ ਹੋ ਸਕਦਾ ਹੈ। ਪ੍ਰਿੰਸ ਨੇ ਵਿਜੈ ਹਜ਼ਾਰੇ ਟਰਾਫੀ ਦੇ 8 ਮੈਚਾਂ ਵਿੱਚ 17 ਅਤੇ ਚੱਲ ਰਹੇ ਆਈ ਪੀ ਐੱਲ ਵਿੱਚ 16 ਵਿਕਟਾਂ ਲਈਆਂ ਹਨ। ਜੇ ਬੁਮਰਾਹ ਟੈਸਟ ਨਹੀਂ ਖੇਡਦਾ ਤਾਂ ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਨਾ ਨਵੀਂ ਗੇਂਦ ਸੰਭਾਲਣਗੇ। ਬੈਕਅੱਪ ਵਜੋਂ ਜੰਮੂ ਕਸ਼ਮੀਰ ਦੇ ਆਕਿਬ ਨਬੀ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਬੱਲੇਬਾਜ਼ੀ ਵਿੱਚ ਤੀਜੇ ਨੰਬਰ ’ਤੇ ਸਾਈ ਸੁਦਰਸ਼ਨ ਦੀ ਥਾਂ ਦੇਵਦੱਤ ਪੱਡੀਕਲ ਨੂੰ ਮੌਕਾ ਮਿਲ ਸਕਦਾ ਹੈ। ਵਾਸ਼ਿੰਗਟਨ ਸੁੰਦਰ ਅਤੇ ਧਰੁਵ ਜੁਰੇਲ ਵੀ ਇਸ ਦੌੜ ਵਿੱਚ ਹਨ।

