ਨਿਊਜ਼ੀਲੈਂਡ ਵਿਰੁੱਧ ਇੱਕ ਰੋਜ਼ਾ ਲੜੀ ਲਈ ਭਾਰਤੀ ਟੀਮ ਦਾ ਐਲਾਨ
ਸ਼੍ਰੇਅਸ ਦੀ ਮੌਜੂਦਗੀ ਫਿਟਨੈੱਸ ’ਤੇ ਨਿਰਭਰ / ਸਿਰਾਜ ਦੀ ਟੀਮ ਵਿੱਚ ਵਾਪਸੀ; ਰੋਹਿਤ ਸ਼ਰਮਾ, ਕੋਹਲੀ, ਗਿੱਲ ਵੀ ਦਿਖਾਉਣਗੇ ਜੌਹਰ / 11 ਨੂੰ ਵਡੋਦਰਾ ’ਚ ਖੇਡਿਆ ਜਾਵੇਗਾ ਪਹਿਲਾ ਮੈਚ
ਨਿਊਜ਼ੀਲੈਂਡ ਵਿਰੁੱਧ ਇੱਕ ਰੋਜ਼ਾ ਤਿੰਨ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਲੜੀ ਦਾ ਪਹਿਲਾ ਮੈਚ 11 ਜਨਵਰੀ ਨੂੰ ਵਡੋਦਰਾ ਵਿੱਚ ਖੇਡਿਆ ਜਾਵੇਗਾ। ਬਾਕੀ ਦੋ ਮੈਚ ਕ੍ਰਮਵਾਰ 14 ਜਨਵਰੀ ਨੂੰ ਰਾਜਕੋਟ ਅਤੇ 18 ਜਨਵਰੀ ਨੂੰ ਇੰਦੌਰ ਵਿੱਚ ਖੇਡੇ ਜਾਣਗੇ।
ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਇੱਕ ਰੋਜ਼ਾ ਟੀਮ ਵਿੱਚ ਵਾਪਸੀ ਕੀਤੀ ਹੈ। ਸਿਰਾਜ, ਜੋ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਸੀਰੀਜ਼ ਵਿੱਚੋਂ ਬਾਹਰ ਸਨ, ਹੁਣ ਇੱਕ ਰੋਜ਼ਾ ਟੀਮ ਵਿੱਚ ਵਾਪਸ ਆ ਗਏ ਹਨ। ਦੂਜੇ ਪਾਸੇ ਸ਼੍ਰੇਅਸ ਅਈਅਰ ਨਵੰਬਰ ਵਿੱਚ ਆਸਟਰੇਲੀਆ ਵਿਰੁੱਧ ਇੱਕ ਰੋਜ਼ਾ ਲੜੀ ਦੌਰਾਨ ਸੱਟ ਲੱਗਣ ਕਾਰਨ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਨੂੰ ਸੈਂਟਰ ਆਫ ਐਕਸੀਲੈਂਸ (ਸੀ ਓ ਈ) ਤੋਂ ਤੰਦਰੁਸਤ ਹੋਣ ਬਾਰੇ ਮਨਜ਼ੂਰੀ ਲੈਣ ਲਈ ਵਿਜੈ ਹਜ਼ਾਰੇ ਟਰਾਫੀ ਵਿੱਚ ਆਪਣੀ ਫਿਟਨੈੱਸ ਸਾਬਤ ਕਰਨੀ ਪਵੇਗੀ। ਆਲਰਾਊਂਡਰ ਖਿਡਾਰੀ ਹਾਰਦਿਕ ਪਾਂਡਿਆ ਨੂੰ ਸੀ ਓ ਈ ਵੱਲੋਂ ਇੱਕ ਮੈਚ ਵਿੱਚ 10 ਓਵਰ ਗੇਂਦਬਾਜ਼ੀ ਕਰਨ ਲਈ ਫਿਟਨੈੱਸ ਮਨਜ਼ੂਰੀ ਨਹੀਂ ਮਿਲੀ, ਜਿਸ ਕਾਰਨ ਚੋਣਕਾਰਾਂ ਨੇ ਉਨ੍ਹਾਂ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ। ਰੁਤੂਰਾਜ ਗਾਇਕਵਾੜ ਨੂੰ ਵੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਰੁਤੂਰਾਜ ਨੇ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਦੌਰਾਨ ਸ਼ਾਨਦਾਰ ਸੈਂਕੜਾ ਜੜਿਆ ਸੀ ਪਰ ਉਹ ਚੋਣਕਾਰਾਂ ਭਰੋਸਾ ਜਿੱਤਣ ਵਿੱਚ ਨਾਕਾਮ ਰਹੇ।
ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਵਿਰੁੱਧ ਇੱਕ ਰੋਜ਼ਾ ਲੜੀ ਲਈ ਭਾਰਤੀ ਟੀਮ ਵਿੱਚ ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਕੇ ਐੱਲ ਰਾਹੁਲ (ਵਿਕਟਕੀਪਰ), ਸ਼੍ਰੇਅਸ ਅਈਅਰ (ਉਪ-ਕਪਤਾਨ; ਫਿਟਨੈਸ ਕਲੀਅਰੈਂਸ ਦੇ ਅਧੀਨ), ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ, ਹਰਸ਼ਿਤ ਰਾਣਾ, ਪ੍ਰਸਿੱਧ ਕ੍ਰਿਸ਼ਨਾ, ਕੁਲਦੀਪ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਅਰਸ਼ਦੀਪ ਸਿੰਘ, ਯਸ਼ਸਵੀ ਜੈਸਵਾਲ ਸ਼ਾਮਲ ਹਨ।

