ਪੰਜਵਾਂ ਦਰਜਾ ਪ੍ਰਾਪਤ ਭਾਰਤੀ ਪੁਰਸ਼ ਸਕੁਐਸ਼ ਟੀਮ ਇੰਗਲੈਂਡ ਨੂੰ ਹਰਾ ਕੇ ਸੈਮੀ ਫਾਈਨਲ ਵਿੱਚ ਪਹੁੰਚ ਗਈ ਹੈ ਪਰ ਮਹਿਲਾ ਟੀਮ ਅਮਰੀਕਾ ਤੋਂ ਹਾਰ ਕੇ ਆਲਮੀ ਜੂਨੀਅਰ ਟੀਮ ਸਕੁਐਸ਼ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਈ ਹੈ।
ਭਾਰਤੀ ਪੁਰਸ਼ ਟੀਮ ਨੇ ਤੀਜਾ ਦਰਜਾ ਪ੍ਰਾਪਤ ਇੰਗਲੈਂਡ ਨੂੰ ਹਰਾ ਕੇ ਅਮਰੀਕਾ ਵਿਰੁੱਧ ਸੈਮੀ ਫਾਈਨਲ ਮੁਕਾਬਲਾ ਤੈਅ ਕੀਤਾ ਹੈ, ਕਿਉਂਕਿ ਟੀਮ ਪਿਛਲੇ ਸਾਲ ਦੇ ਕਾਂਸੀ ਤਗ਼ਮੇ ਵਾਲੇ ਪ੍ਰਦਰਸ਼ਨ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਰੀਆਵੀਰ ਦੀਵਾਨ ਨੇ ਰੌਨੀ ਹਿਕਲਿੰਗ ਨੂੰ 3-0 ਨਾਲ ਹਰਾ ਕੇ ਭਾਰਤ ਨੂੰ ਲੀਡ ਦਿਵਾਈ, ਪਰ ਇਸਮਾਈਲ ਖ਼ਲੀਲ ਵੱਲੋਂ ਯੂਸ਼ਾ ਨਫ਼ੀਸ ਨੂੰ 3-0 ਨਾਲ ਹਰਾਏ ਜਾਣ ਤੋਂ ਬਾਅਦ ਇੰਗਲੈਂਡ ਨੇ ਸਕੋਰ ਬਰਾਬਰ ਕਰ ਦਿੱਤਾ।
ਭਾਰਤ ਦੇ ਗੁਰਵੀਰ ਸਿੰਘ ਨੇ ਜੌਰਜ ਗ੍ਰਿਫਿਥਸ ਵਿਰੁੱਧ ਸਿੱਧੇ ਗੇਮਾਂ ਵਿੱਚ ਜਿੱਤ ਪ੍ਰਾਪਤ ਕਰ ਕੇ ਫ਼ੈਸਲਾਕੁਨ ਮੁਕਾਬਲਾ ਆਪਣੇ ਨਾਮ ਕੀਤਾ। ਹਾਲ ਹੀ ਵਿੱਚ ਆਲਮੀ ਜੂਨੀਅਰ ਮਹਿਲਾ ਚੈਂਪੀਅਨ ਬਣੀ ਅਨਾਹਤ ਸਿੰਘ ਨੇ ਮਹਿਲਾ ਕੁਆਰਟਰ ਫਾਈਨਲ ਵਿੱਚ ਦੀਆ ਯਾਦਵ ਨੂੰ 3-0 ਨਾਲ ਹਰਾ ਕੇ ਭਾਰਤ ਨੂੰ ਜੇਤੂ ਸ਼ੁਰੂਆਤ ਦਿੱਤੀ। ਹਾਲਾਂਕਿ, ਅਮਰੀਕਾ ਨੇ ਵਾਪਸੀ ਕੀਤੀ ਕਿਉਂਕਿ ਭਾਰਤ ਦੀ ਰੁਦਰਾ ਸਿੰਘ ਚਾਰਲਟ ਸਜ਼ੇ ਤੋਂ 1-2 ਨਾਲ ਅਤੇ ਅਨਿਕਾ ਦੂਬੇ ਲਿਲੀ ਬੋਰੇਲ ਤੋਂ 1-2 ਨਾਲ ਅਗਲੇ ਦੋ ਮੈਚ ਹਾਰ ਗਈਆਂ, ਜਿਸ ਨਾਲ ਉਨ੍ਹਾਂ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ।

