ਹਾਂਗਜ਼ੂ, 23 ਸਤੰਬਰ
ਭਾਰਤ ਦੀ ਪੁਰਸ਼ ਟੇਬਲ ਟੈਨਿਸ ਟੀਮ ਨੇ ਅੱਜ ਇੱਥੇ ਤਜ਼ਾਕਿਸਤਾਨ ਅਤੇ ਮਹਿਲਾ ਟੀਮ ਨੇ ਨੇਪਾਲ ਨੂੰ 3-0 ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਭਾਰਤੀ ਮਹਿਲਾ ਟੀਮ ਆਪਣੇ ਦੋਵੇਂ ਮੈਚ ਜਿੱਤ ਕੇ ਆਪਣੇ ਗਰੁੱਪ-ਐੱਫ ’ਚ ਸਿਖਰਲੇ ਸਥਾਨ ’ਤੇ ਰਹੀ। ਪੁਰਸ਼ ਟੀਮ ਵੀ ਆਪਣੇ ਤਿੰਨੋਂ ਮੈਚ ਜਿੱਤ ਚੁੱਕੀ ਹੈ। ਸ਼ੁੱਕਰਵਾਰ ਨੂੰ ਸਿੰਗਾਪੁਰ ਨੂੰ ਹਰਾਉਣ ਵਾਲੀ ਭਾਰਤੀ ਮਹਿਲਾ ਟੀਮ ਨੇ ਨੇਪਾਲ ਖ਼ਿਲਾਫ਼ ਸ਼ਾਨਦਾਰ ਸ਼ੁਰੂਆਤ ਕੀਤੀ। ਦੀਆ ਚਿਤਾਲੇ ਨੇ ਸਿੱਕਾ ਸ਼੍ਰੇਸ਼ਠ ਨੂੰ 11-1, 11-6, 11-8 ਨਾਲ, ਅਯਹਿਕਾ ਮੁਖਰਜੀ ਨੇ ਨਬਿਤਾ ਸ਼੍ਰੇਸ਼ਠ ਨੂੰ 11-3, 11-7, 11-2 ਨਾਲ ਅਤੇ ਸੁਤੀਰਥ ਮੁਖਰਜੀ ਨੇ ਇਵਾਨਾ ਥਾਪਾ ਨੂੰ 11-1, 11-5, 11-2 ਨਾਲ ਹਰਾਇਆ। ਇਸ ਮੈਚ ਵਿੱਚ ਮਨਿਕਾ ਬੱਤਰਾ ਅਤੇ ਸ੍ਰੀਜਾ ਅਕੁਲਾ ਨੂੰ ਆਰਾਮ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਯਮਨ ਅਤੇ ਸਿੰਗਾਪੁਰ ਨੂੰ ਹਰਾਉਣ ਵਾਲੀ ਭਾਰਤੀ ਪੁਰਸ਼ ਟੀਮ ਨੇ ਤਜਰਬੇਕਾਰ ਜੀ ਸਾਥੀਆਨ ਅਤੇ ਸ਼ਰਤ ਕਮਲ ਦੀ ਗੈਰ-ਮੌਜੂਦਗੀ ਦੇ ਬਾਵਜੂਦ ਤਜ਼ਾਕਿਸਤਾਨ ਵਿਰੁੱਧ ਆਸਾਨ ਜਿੱਤ ਦਰਜ ਕੀਤੀ। ਇਸੇ ਦੌਰਾਨ ਮਾਨਵ ਠਾਕਰ ਨੇ ਅਫਜ਼ਲਖੋਨ ਮਹਿਮੂਦੋਵ ਨੂੰ 11-8, 11-5, 11-8, ਮਾਨੁਸ਼ ਸ਼ਾਹ ਨੇ ਉਬੈਦੁਲੋ ਸੁਲਤੋਨੋਵ ਨੂੰ 13-11, 11-7, 11-5 ਅਤੇ ਹਰਮੀਤ ਦੇਸਾਈ ਨੇ ਇਬਰੋਖਿਮ ਇਸਮੋਈਲਜ਼ੋਦਾ ਨੂੰ 11-1, 11-3, 11-5 ਨਾਲ ਹਰਾਇਆ। -ਪੀਟੀਆਈ
