ਭਾਰਤੀ ਮੁੱਕੇਬਾਜ਼ਾਂ ਦੇ ‘ਗੋਲਡਨ ਪੰਚ’
ਇਸ ਵਾਰ ਦੀਆਂ ਰਾਸ਼ਟਰਮੰਡਲ ਖੇਡਾਂ, ਜੋ ਕਿ ਹੁਣ ਤੱਕ ਦੀਆਂ ਸਭ ਤੋਂ ਛੋਟੀਆਂ ਅਤੇ ਘੱਟ ਖੇਡ ਈਵੈਂਟਾਂ ਵਾਲੀਆਂ ਕਾਮਨਵੈਲਥ ਖੇਡਾਂ ਸਨ, 23 ਜੁਲਾਈ ਤੋਂ 2 ਅਗਸਤ ਤੱਕ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਹੋਈਆਂ। ਇੱਕ ਵਾਰ ਤਾਂ ਇਨ੍ਹਾਂ ਖੇਡਾਂ ਨੂੰ ਰੱਦ...
ਇਸ ਵਾਰ ਦੀਆਂ ਰਾਸ਼ਟਰਮੰਡਲ ਖੇਡਾਂ, ਜੋ ਕਿ ਹੁਣ ਤੱਕ ਦੀਆਂ ਸਭ ਤੋਂ ਛੋਟੀਆਂ ਅਤੇ ਘੱਟ ਖੇਡ ਈਵੈਂਟਾਂ ਵਾਲੀਆਂ ਕਾਮਨਵੈਲਥ ਖੇਡਾਂ ਸਨ, 23 ਜੁਲਾਈ ਤੋਂ 2 ਅਗਸਤ ਤੱਕ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਹੋਈਆਂ। ਇੱਕ ਵਾਰ ਤਾਂ ਇਨ੍ਹਾਂ ਖੇਡਾਂ ਨੂੰ ਰੱਦ ਕਰਨ ਤੱਕ ਦੀ ਨੌਬਤ ਆ ਗਈ ਸੀ, ਜਦੋਂ ਆਸਟਰੇਲੀਆ ਦੇ ਸ਼ਹਿਰ ਵਿਕਟੋਰੀਆ ਨੇ 2026 ਦੀਆਂ ਖੇਡਾਂ ਨੂੰ ਕਰਵਾਉਣ ਦਾ ਆਪਣਾ ਦਾਅਵਾ ਵਾਪਸ ਲੈ ਲਿਆ ਸੀ। ਫਿਰ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਨੇ ਆਪਣੀਆਂ ਮੌਜੂਦਾ ਖੇਡ ਸਹੂਲਤਾਂ ਦੇ ਆਧਾਰ ’ਤੇ ਸੀਮਤ ਖੇਡਾਂ ਨਾਲ ਇਨ੍ਹਾਂ ਨੂੰ ਕਰਵਾਉਣ ਲਈ ਹਾਮੀ ਭਰੀ।
ਗੱਲ ਕਰਦੇ ਹਾਂ ਸਾਡੇ ਭਾਰਤ ਦੀ, ਜਿਸ ਦੇ 122 ਖਿਡਾਰੀਆਂ ਨੇ 10 ਖੇਡਾਂ ਅੰਦਰ ਇਨ੍ਹਾਂ ਮੁਕਾਬਲਿਆਂ ਵਿੱਚ ਭਾਰਤੀ ਝੰਡੇ ਦੀ ਅਗਵਾਈ ਕੀਤੀ। ਇਨ੍ਹਾਂ ਵਿੱਚ ਭਾਵੇਂ ਉਹ ਖੇਡਾਂ ਨਦਾਰਦ ਸਨ, ਜਿਨ੍ਹਾਂ ਵਿੱਚ ਭਾਰਤੀ ਖਿਡਾਰੀ ਵਧੀਆ ਪ੍ਰਦਰਸ਼ਨ ਕਰਦੇ ਹਨ, ਜਿਵੇਂ ਕਿ ਕੁਸ਼ਤੀ, ਨਿਸ਼ਾਨੇਬਾਜ਼ੀ, ਬੈਡਮਿੰਟਨ ਅਤੇ ਟੇਬਲ ਟੈਨਿਸ ਪਰ ਫਿਰ ਵੀ ਇਸ ਵਾਰ ਭਾਰਤੀ ਮੁੱਕੇਬਾਜ਼ਾਂ ਦੇ ਮੁੱਕਿਆਂ ਨੇ ਇਨ੍ਹਾਂ ਖੇਡਾਂ ਵਿੱਚ ਭਾਰਤ ਦੀ ਲਾਜ ਰੱਖੀ ਅਤੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਿਆਂ ਦੀ ਝੜੀ ਲਗਾ ਦਿੱਤੀ। ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਕੁੱਲ 13 ਸੋਨ ਤਗ਼ਮੇ ਜਿੱਤੇ, ਜਿਨ੍ਹਾਂ ਵਿੱਚੋਂ 7 ਸੋਨ ਤਗ਼ਮੇ ਸਿਰਫ਼ ਮੁੱਕੇਬਾਜ਼ਾਂ ਦੇ ਸਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਰਾਸ਼ਟਰਮੰਡਲ ਖੇਡਾਂ ਅੰਦਰ ਭਾਰਤੀ ਮੁੱਕੇਬਾਜ਼ ਕਿਸ ਰੌਅ ਵਿੱਚ ਸਨ। 7 ਸੋਨ ਤਗ਼ਮਿਆਂ ਤੋਂ ਇਲਾਵਾ ਭਾਰਤੀ ਮੁੱਕੇਬਾਜ਼ਾਂ ਨੇ 3 ਚਾਂਦੀ ਦੇ ਤਗ਼ਮੇ ਜਿੱਤ ਕੇ ਕੁੱਲ 10 ਤਗ਼ਮੇ ਭਾਰਤ ਦੀ ਝੋਲੀ ਪਾਏ ਅਤੇ ਇਤਿਹਾਸ ਰਚਿਆ। ਇਨ੍ਹਾਂ ਖੇਡਾਂ ਵਿੱਚ ਮੁੱਕੇਬਾਜ਼ੀ ਦੇ ਇਨ੍ਹਾਂ ਤਗ਼ਮਿਆਂ ਕਰਕੇ ਹੀ ਭਾਰਤ ਨੇ ਤਗ਼ਮਾ ਸੂਚੀ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਆਓ, ਹੁਣ ਗੱਲ ਕਰਦੇ ਹਾਂ ਉਨ੍ਹਾਂ ਸੁਨਹਿਰੀ ਮੁੱਕਿਆਂ ਦੀ ਜਿਨ੍ਹਾਂ ਨੇ ਭਾਰਤ ਦਾ ਮਾਣ ਵਧਾਇਆ ਹੈ।
ਭਾਰਤ ਨੇ ਰਾਸ਼ਟਰਮੰਡਲ ਖੇਡਾਂ ਅੰਦਰ ਹੁੰਦੀ ਮੁੱਕੇਬਾਜ਼ੀ ਵਿੱਚ ਪਹਿਲੀ ਵਾਰ 1958 ਦੀਆਂ ਕਾਰਡੀਫ਼ ਖੇਡਾਂ ਅੰਦਰ ਭਾਗ ਲਿਆ ਸੀ। ਭਾਰਤ ਵੱਲੋਂ ਮੁੱਕੇਬਾਜ਼ੀ ਵਿੱਚ ਪਹਿਲਾ ਤਗ਼ਮਾ ਸ਼ਿਵਾਜੀ ਭੌਸਲੇ ਨੇ 1970 ਦੀਆਂ ਐਡਨਬਰਗ ਖੇਡਾਂ ਵਿੱਚ ਜਿੱਤਿਆ ਸੀ ਅਤੇ ਪਹਿਲਾ ਸੋਨ ਤਗ਼ਮਾ ਮੁਹੰਮਦ ਅਲੀ ਕਮਰ ਨੇ 2002 ਦੀਆਂ ਮੈਨਚੈਸਟਰ ਖੇਡਾਂ ਅੰਦਰ ਭਾਰਤ ਦੇ ਨਾਮ ਕੀਤਾ ਸੀ। ਇਸ ਵਾਰ ਦੀਆਂ ਗਲਾਸਗੋ ਖੇਡਾਂ ਵਿੱਚ ਭਾਰਤ ਨੇ ਮੁੱਕੇਬਾਜ਼ੀ ਅੰਦਰ ਬਾਕਮਾਲ ਪ੍ਰਦਰਸ਼ਨ ਕੀਤਾ ਹੈ। ਇਸ ਵਾਰ ਪੰਜ ਭਾਰਤੀ ਮਹਿਲਾਵਾਂ ਸਾਕਸ਼ੀ ਚੌਧਰੀ (51 ਕਿਲੋਗ੍ਰਾਮ ਭਾਰ ਵਰਗ), ਪ੍ਰੀਤੀ ਪਵਾਰ (54 ਕਿਲੋਗ੍ਰਾਮ ਭਾਰ ਵਰਗ), ਜੈਸਮੀਨ ਲੰਬੋਰੀਆ (57 ਕਿਲੋਗ੍ਰਾਮ ਭਾਰ ਵਰਗ), ਅਰੁੰਧਤੀ ਚੌਧਰੀ (70 ਕਿਲੋਗ੍ਰਾਮ ਭਾਰ ਵਰਗ) ਅਤੇ ਪ੍ਰਿਆ ਘਾਂਘਾਸ (60 ਕਿਲੋਗ੍ਰਾਮ ਭਾਰ ਵਰਗ) ਨੇ ਸੋਨ ਤਗ਼ਮੇ ਦੇਸ਼ ਦੀ ਝੋਲੀ ਪਾਏ ਹਨ ਅਤੇ ਦੁਨੀਆ ਨੂੰ ਭਾਰਤੀ ਮਹਿਲਾਵਾਂ ਦੀ ਸਮਰੱਥਾ ਦੀ ਪਛਾਣ ਕਰਵਾਈ ਹੈ। ਇਸ ਤੋਂ ਇਲਾਵਾ ਓਲੰਪਿਕ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ ਨੇ 75 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਮਰਦ ਮੁੱਕੇਬਾਜ਼ਾਂ ਵਿੱਚੋਂ ਸਚਿਨ ਸਿਵਾਚ (60 ਕਿਲੋਗ੍ਰਾਮ ਭਾਰ ਵਰਗ) ਅਤੇ ਅੰਕੁਸ਼ ਪਾਂਘਾਲ (80 ਕਿਲੋਗ੍ਰਾਮ ਭਾਰ ਵਰਗ) ਨੇ ਸੋਨਾ ਜਿੱਤ ਕੇ ਤਗਮਾ ਸੂਚੀ ਵਿੱਚ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਜਾਦੂਮਨੀ ਸਿੰਘ (55 ਕਿਲੋਗ੍ਰਾਮ ਭਾਰ ਵਰਗ) ਅਤੇ ਨਰੇਂਦਰ ਬੇਰਵਾਲ (+90 ਕਿਲੋਗ੍ਰਾਮ ਭਾਰ ਵਰਗ) ਨੇ ਚਾਂਦੀ ਦੇ ਤਗ਼ਮੇ ਹਾਸਲ ਕੀਤੇ ਹਨ।
ਭਾਰਤੀ ਮੁੱਕੇਬਾਜ਼ਾਂ ਦੇ ਇਸ ਇਤਿਹਾਸਕ ਪ੍ਰਦਰਸ਼ਨ ਨਾਲ ਜਿੱਥੇ ਦੇਸ਼ ਦੀ ਤਗ਼ਮਾ ਸੂਚੀ ਵਿੱਚ ਉਛਾਲ ਆਇਆ ਹੈ, ਉੱਥੇ ਹੀ ਦੇਸ਼ ਦੇ ਹੋਰ ਨੌਜਵਾਨ ਮੁੱਕੇਬਾਜ਼ਾਂ ਨੂੰ ਵੀ ਵੱਡਾ ਉਤਸ਼ਾਹ ਮਿਲਿਆ ਹੈ। ਇਸ ਇਤਿਹਾਸਕ ਪ੍ਰਾਪਤੀ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਹਰ ਖੇਡ ਪ੍ਰੇਮੀ ਇਨ੍ਹਾਂ ਯੋਧਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਨਜ਼ਰ ਆਇਆ ਸੀ। ਅਸੀਂ ਉਮੀਦ ਕਰਦੇ ਹਾਂ ਕਿ ਭਾਰਤੀ ਮੁੱਕੇਬਾਜ਼ੀ ਇਸੇ ਤਰ੍ਹਾਂ ਬੁਲੰਦੀਆਂ ਨੂੰ ਛੋਹੇ ਅਤੇ ਆਉਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਵੀ ਸ਼ਾਨਦਾਰ ਮਾਅਰਕੇ ਮਾਰੇ।
ਸੰਪਰਕ: 94174-7949

