ਭਾਰਤੀ ਮੁੱਕੇਬਾਜ਼ ਸਚਿਨ ਸਿਵਾਚ ਸਕਾਟਲੈਂਡ ਦੇ ਗਲਾਸਗੋ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2026 ਦੇ ਪੁਰਸ਼ਾਂ ਦੇ 60 ਕਿਲੋ ਭਾਰ ਵਰਗ ਦੇ 32 ਦੇ ਗੇੜ ਵਿੱਚ ਕੈਨੇਡਾ ਦੇ ਕਿਓਮਾ ਅਲ-ਅਹਿਮਦੀ ਨੂੰ 4-1 ਦੇ ਸਪਲਿਟ ਫ਼ੈਸਲੇ ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ (ਰਾਊਂਡ ਆਫ 16) ਵਿੱਚ ਪਹੁੰਚ ਗਿਆ ਹੈ।
ਸਚਿਨ ਨੇ ਮੁਕਾਬਲੇ ਦੀ ਸ਼ੁਰੂਆਤ ਕਾਫ਼ੀ ਹਾਂ-ਪੱਖੀ ਕੀਤੀ ਅਤੇ ਪਹਿਲੇ ਗੇੜ ਵਿੱਚ ਹਮਲਾਵਰ ਰੁਖ਼ ਅਪਣਾਉਂਦਿਆਂ ਪਹਿਲਕਦਮੀ ਕੀਤੀ। ਹਾਲਾਂਕਿ, ਕਿਓਮਾ ਨੇ ਵੀ ਕੁਝ ਮੁੱਕੇ ਜੜੇ, ਪਰ ਜੱਜਾਂ ਦੇ ਸਕੋਰ ਕਾਰਡ ’ਤੇ ਭਾਰਤੀ ਮੁੱਕੇਬਾਜ਼ ਨੇ 3-2 ਨਾਲ ਪਹਿਲਾ ਗੇੜ ਆਪਣੇ ਨਾਂ ਕਰ ਲਿਆ।
ਦੂਜੇ ਗੇੜ ਵਿੱਚ ਦੋਵਾਂ ਮੁੱਕੇਬਾਜ਼ਾਂ ਨੇ ਆਪਣੀ ਤੀਬਰਤਾ ਵਧਾ ਦਿੱਤੀ। ਕਿਓਮਾ ਨੇ ਕੁਝ ਸਮੇਂ ਲਈ ਸਚਿਨ ਨੂੰ ਕੋਨੇ ਵਿੱਚ ਘੇਰ ਲਿਆ ਅਤੇ ਕਈ ਜੈਬ ਲਾਏ, ਪਰ ਭਾਰਤੀ ਖਿਡਾਰੀ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਗੇੜ ਦੇ ਆਖ਼ਰੀ ਪਲਾਂ ਵਿੱਚ ਮੁੱਕਿਆਂ ਦੀ ਬਾਰਿਸ਼ ਕਰਦਿਆਂ ਗੇੜ ਦਾ ਅੰਤ ਕੀਤਾ। ਉਸ ਦੇ ਇਸ ਆਖ਼ਰੀ ਹੱਲੇ ਨੇ ਫ਼ੈਸਲਾਕੁਨ ਭੂਮਿਕਾ ਨਿਭਾਈ, ਕਿਉਂਕਿ ਉਸ ਨੇ ਦੂਜੇ ਗੇੜ ਵਿੱਚ ਸਾਰੇ ਪੰਜ ਜੱਜਾਂ ਦੀ ਸਰਬਸੰਮਤੀ ਨਾਲ ਫ਼ੈਸਲਾ ਆਪਣੇ ਪੱਖ ਵਿੱਚ ਕੀਤਾ, ਜਿਸ ਨਾਲ ਉਹ ਮਜ਼ਬੂਤ ਸਥਿਤੀ ਵਿੱਚ ਪਹੁੰਚ ਗਿਆ।

