ਭਾਰਤ ਨੇ ਇੱਕ ਰੋਜ਼ਾ ਲੜੀ 2-1 ਨਾਲ ਜਿੱਤੀ
ਭਾਰਤ ਨੇ ਇੱਥੇ ਦੱਖਣੀ ਅਫਰੀਕਾ ਨੂੰ ਇੱਕ ਰੋਜ਼ਾ ਮੈਚਾਂ ਦੀ ਲੜੀ ਵਿੱਚ 2-1 ਨਾਲ ਹਰਾਇਆ ਹੈ। ਯਸ਼ਸਵੀ ਜੈਸਵਾਲ ਦੇ ਸੈਂਕੜੇ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ 271 ਦੌੜਾਂ ਦਾ ਟੀਚਾ ਸਿਰਫ਼ ਇੱਕ ਵਿਕਟ ਦੇ ਨੁਕਸਾਨ ’ਤੇ 39.5 ਓਵਰਾਂ ’ਚ ਹੀ ਪੂਰਾ ਕਰ ਲਿਆ।
ਯਸ਼ਸਵੀ ਜੈਸਵਾਲ ਨੇ ਸ਼ਾਨਦਾਰ ਪਾਰੀ ਖੇਡਦਿਆਂ 121 ਗੇਂਦਾਂ ’ਚ 12 ਚੌਕੇ ਤੇ ਦੋ ਛੱਕੇ ਜੜੇ ਅਤੇ ਨਾਬਾਦ 116 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ 73 ਗੇਂਦਾਂ ’ਚ ਸੱਤ ਚੌਕਿਆਂ ਤੇ ਤਿੰਨ ਛੱਕਿਆਂ ਸਣੇ 75 ਦੌੜਾਂ ਬਣਾਈਆਂ; ਕੋਹਲੀ ਨੇ 45 ਗੇਂਦਾਂ ’ਚ ਛੇ ਚੌਕਿਆਂ ਤੇ ਤਿੰਨ ਛੱਕਿਆਂ ਸਣੇ ਨਾਬਾਦ 65 ਦੌੜਾਂ ਬਣਾਈਆਂ।
ਦੂਜੇ ਪਾਸੇ ਦੱਖਣੀ ਅਫਰੀਕਾ ਦੀ ਟੀਮ ਨੇ ਬੱਲੇਬਾਜ਼ੀ ਕਰਨ ਵੇਲੇ ਤਿੰਨ ਓਵਰਾਂ ’ਚ ਤਿੰਨ ਵਿਕਟਾਂ ਗੁਆ ਦਿੱਤੀਆਂ। 200 ਦੌੜਾਂ ’ਤੇ ਟੀਮ ਪੰਜ ਵਿਕਟਾਂ ਗੁਆ ਚੁੱਕੀ ਸੀ। ਭਾਰਤੀ ਗੇਂਦਬਾਜ਼ ਕ੍ਰਿਸ਼ਨਾ ਤੇ ਕੁਲਦੀਪ ਯਾਦਵ ਨੇ ਚਾਰ-ਚਾਰ ਵਿਕਟਾਂ ਲਈਆਂ। ਅਰਸ਼ਦੀਪ ਸਿੰਘ ਨੇ ਰਿਆਨ ਰਿਕਲਟਨ ਨੂੰ ਸਿਫ਼ਰ ’ਤੇ ਆਊਟ ਕੀਤਾ। ਭਾਰਤ ਨੇ ਦੱਖਣੀ ਅਫਰੀਕਾ ਨੂੰ 47.5 ਓਵਰਾਂ ’ਚ 270 ਦੌੜਾਂ ’ਤੇ ਹੀ ਸਮੇਟ ਦਿੱਤਾ। ਦੱਖਣੀ ਅਫਰੀਕਾ ਦੇ ਖਿਡਾਰੀ ਕੁਇੰਟਨ ਡੀ ਕੌਕ ਨੇ 89 ਗੇਂਦਾਂ ’ਚ 106 ਦੌੜਾਂ ਬਣਾਈਆਂ। ਕਪਤਾਨ ਤੇਂਬਾ ਬਾਵੁਮਾ ਨੇ 67 ਗੇਂਦਾਂ ਵਿੱਚ 48 ਦੌੜਾਂ ਬਣਾਈਆਂ।
ਉਧਰ, ਭਾਰਤੀ ਖਿਡਾਰੀ ਜੈਸਵਾਲ ਨੇ ਸ਼ੁਰੂ ਤੋਂ ਹੀ ਆਪਣੀ ਪਾਰੀ ਨੂੰ ਵੱਡੇ ਹੌਸਲੇ ਨਾਲ ਖੇਡਿਆ। ਰੋਹਿਤ ਸ਼ਰਮਾ ਦਾ ਸਾਥ ਵੀ ਉਸ ਲਈ ਮਦਦਗਾਰ ਸੀ। ਰੋਹਿਤ ਆਪਣੇ ਸੈਂਕੜੇ ਵੱਲ ਵਧ ਹੀ ਰਿਹਾ ਸੀ ਕਿ ਖੱਬੇ ਹੱਥ ਦੇ ਸਪਿਨਰ ਕੇਸ਼ਵ ਮਹਾਰਾਜ ਦੀ ਗੇਂਦ ਨੇ ਉਸ ਨੂੰ ਆਊਟ ਕਰ ਦਿੱਤਾ। ਜੈਸਵਾਲ ਨੇ ਕੋਹਲੀ ਨਾਲ ਮਿਲ ਕੇ ਆਪਣੀ ਪਾਰੀ ਨੂੰ ਅੱਗੇ ਵਧਾਇਆ।
