ਏਸ਼ੀਆ ਮਾਸਟਰਜ਼ ਹਾਕੀ ’ਚ ਭਾਰਤ ਨੇ ਸੋਨ ਤਗ਼ਮੇ ਜਿੱਤੇ
ਭਾਰਤੀ ਹਾਕੀ ਟੀਮਾਂ ਨੇ ਹਾਂਗਕਾਂਗ ਵਿੱਚ ਕਰਵਾਏ ਹਾਂਗਕਾਂਗ ਮਾਸਟਰਜ਼ ਏਸ਼ੀਆ ਕੱਪ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਹਰੀ ਜਿੱਤ ਦਰਜ ਕੀਤੀ ਹੈ। ਭਾਰਤ ਨੇ 40 ਸਾਲ ਤੋਂ ਵੱਧ ਉਮਰ ਦੇ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿੱਚ ਸੋਨ ਤਗ਼ਮੇ ਆਪਣੇ ਨਾਮ ਕੀਤੇ ਹਨ। ਵਿਸ਼ਵ ਮਾਸਟਰਜ਼ ਹਾਕੀ ਏਸ਼ੀਆ ਚੈਂਪੀਅਨਸ਼ਿਪ ਤਹਿਤ ਇਹ ਮੁਕਾਬਲੇ 26 ਤੋਂ 30 ਨਵੰਬਰ ਤੱਕ ਹਾਂਗਕਾਂਗ ਫੁਟਬਾਲ ਕਲੱਬ ਵਿੱਚ ਖੇਡੇ ਗਏ ਸਨ।
ਟੂਰਨਾਮੈਂਟ ਦੌਰਾਨ ਭਾਰਤੀ ਪੁਰਸ਼ ਟੀਮ ਦਾ ਪ੍ਰਦਰਸ਼ਨ ਇਕਪਾਸੜ ਰਿਹਾ। ਭਾਰਤ ਨੇ ਹਾਂਗਕਾਂਗ ਖ਼ਿਲਾਫ਼ ਖੇਡੇ ਗਏ ਦੋ ਮੈਚਾਂ ਵਿੱਚ ਕ੍ਰਮਵਾਰ 4-0 ਅਤੇ 5-4 ਨਾਲ ਜਿੱਤ ਦਰਜ ਕੀਤੀ। ਇਸੇ ਤਰ੍ਹਾਂ, ਸਿੰਗਾਪੁਰ ਖ਼ਿਲਾਫ਼ ਖੇਡੇ ਗਏ ਮੁਕਾਬਲਿਆਂ ਵਿੱਚ ਵੀ 4-0 ਅਤੇ 3-2 ਦੇ ਫਰਕ ਨਾਲ ਬਾਜ਼ੀ ਮਾਰਦਿਆਂ ਅੰਕ ਸੂਚੀ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ।
ਮਹਿਲਾ ਵਰਗ ਵਿੱਚ ਮੁਕਾਬਲਾ ਸਖ਼ਤ ਰਿਹਾ। ਗਰੁੱਪ ਗੇੜ ਦੌਰਾਨ ਭਾਰਤੀ ਮਹਿਲਾ ਟੀਮ ਨੇ ਸਿੰਗਾਪੁਰ ਨੂੰ 7-2 ਦੇ ਵੱਡੇ ਫਰਕ ਨਾਲ ਹਰਾਇਆ, ਜਦਕਿ ਹਾਂਗਕਾਂਗ ਨਾਲ ਖੇਡਿਆ ਗਿਆ ਮੈਚ 1-1 ਨਾਲ ਡਰਾਅ ਰਿਹਾ ਸੀ। ਇਸ ਦੌਰਾਨ ਟੀਮ ਨੂੰ ਨਿਊਜ਼ੀਲੈਂਡ ਹੱਥੋਂ 2-4 ਨਾਲ ਹਾਰ ਦਾ ਸਾਹਮਣਾ ਵੀ ਕਰਨਾ ਪਿਆ। ਹਾਲਾਂਕਿ ਫਾਈਨਲ ਮੁਕਾਬਲੇ ਵਿੱਚ ਭਾਰਤੀ ਮਹਿਲਾਵਾਂ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਮੇਜ਼ਬਾਨ ਹਾਂਗਕਾਂਗ ਨੂੰ 2-0 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। ਹਾਕੀ ਇੰਡੀਆ ਨੇ ‘ਐਕਸ’ ’ਤੇ ਦੋਵਾਂ ਟੀਮਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਚੈਂਪੀਅਨ ਅਜਿਹੇ ਦਿਖਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਮਹਿਲਾ ਅਤੇ ਪੁਰਸ਼ ਟੀਮਾਂ ਨੇ ਏਸ਼ਿਆਈ ਮਾਸਟਰਜ਼ ਹਾਕੀ ਕੱਪ ਵਿੱਚ ਸੋਨ ਤਗ਼ਮੇ ਜਿੱਤ ਕੇ ਤਿਰੰਗੇ ਦਾ ਮਾਣ ਵਧਾਇਆ ਹੈ।
