ਆਇਰਲੈਂਡ ਖ਼ਿਲਾਫ਼ 26 ਤੇ 28 ਜੂਨ ਨੂੰ ਟੀ20 ਖੇਡੇਗਾ ਭਾਰਤ
ਬੈੱਲਫਾਸਟ ਵਿਚ 2007 ਤੋਂ ਬਾਅਦ ਪਹਿਲੀ ਵਾਰ ਖੇਡੇਗੀ ਭਾਰਤੀ ਟੀਮ
ਮੌਜੂਦਾ ਸੰਸਾਰ ਚੈਂਪੀਅਨ ਭਾਰਤ 26 ਤੇ 28 ਜੂਨ ਨੂੰ ਆਇਰਲੈਂਡ ਖ਼ਿਲਾਫ਼ ਦੋ ਟੀ20 ਮੈਚ ਖੇਡੇਗਾ। ਬੀ ਸੀ ਸੀ ਆਈ ਨੇ ਅੱਜ ਇਹ ਜਾਣਕਾਰੀ ਦਿੱਤੀ। ਦੋਵੇਂ ਮੈਚ ਬੈੱਲਫਾਸਟ ਵਿਚ ਹੋਣਗੇ ਜਿੱਥੇ ਭਾਰਤੀ ਟੀਮ 2007 ਤੋਂ ਬਾਅਦ ਪਹਿਲੀ ਵਾਰ ਖੇਡੇਗੀ। ਬੀ ਸੀ ਸੀ ਆਈ ਸਕੱਤਰ ਦੇਵਜੀਤ ਸੈਕੀਆ ਨੇ ਬਿਆਨ ਵਿਚ ਕਿਹਾ, ‘‘ਟੀਮ ਇੰਡੀਆ ਦੋ ਮੈਚਾਂ ਦੀ ਟੀ20 ਲੜੀ ਲਈ ਜੂਨ 2026 ਵਿਚ ਆਇਰਲੈਂਡ ਜਾਵੇਗੀ।
ਉਨ੍ਹਾਂ ਕਿਹਾ, ‘‘ਪਿਛਲੇ ਅੱਠ ਸਾਲਾਂ ਵਿਚ ਭਾਰਤੀ ਟੀਮ ਨੇ ਤਿੰਨ ਵਾਰ (2018, 2022 ਤੇ 2023) ਆਇਰਲੈਂਡ ਦਾ ਦੌਰਾ ਕੀਤਾ ਹੈ। ਬੈੱਲਫਾਸਟ ਵਿਚ ਭਾਰਤੀ ਟੀਮ 2007 ਤੋਂ ਬਾਅਦ ਪਹਿਲੀ ਵਾਰ ਖੇਡੇਗੀ।’’ ਦੋ ਦਿਨ ਪਹਿਲਾਂ ਆਇਰਲੈਂਡ ਦੇ ਟੀਮ ਡਾਇਰੈਕਟਰ ਗ੍ਰਾਹਮ ਵੈਸਟ ਨੇ ਇਸ ਦੀ ਪੁਸ਼ਟੀ ਕੀਤੀ ਸੀ। ਵੈਸਟ ਨੇ ਕਿਹਾ ਸੀ ਕਿ ਭਾਰਤ ਨਾਲ ਮੈਚਾਂ ਦੀ ਲੜੀ ਆਉਣ ਵਾਲੀਆਂ ਗਰਮੀਆਂ ਲਈ ਉਨ੍ਹਾਂ ਦੀਆਂ ਯੋਜਨਾਵਾਂ ਦਾ ਹਿੱਸਾ ਹੈ। ਆਇਰਲੈਂਡ ਦੇ ਟੀਮ ਅਧਿਕਾਰੀ ਨੇ ਕਿਹਾ ਕਿ ਟੀ20 ਵਿਸ਼ਵ ਕੱਪ 2028 ਲਈ ਕੁਆਲੀਫਾਈ ਕਰਨ ਦੇ ਮੱਦੇਨਜ਼ਰ ਨਵੇਂ ਚੁਣੇ ਕਪਤਾਨ ਨੂੰ ਭਾਰਤ ਨਾਲ ਹੋਣ ਵਾਲੀ ਲੜੀ ਦੌਰਾਨ ਟੀਮ ਨੂੰ ਆਪਣੇ ਤੌਰ-ਤਰੀਕਿਆਂ ਮੁਤਾਬਕ ਢਾਲਣ ਦਾ ਮੌਕਾ ਮਿਲੇਗਾ। ਭਾਰਤੀ ਟੀਮ ਅਫ਼ਗਾਨਿਸਤਾਨ ਖ਼ਿਲਾਫ਼ ਇਕ ਟੈਸਟ ਤੇ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਤੋਂ ਬਾਅਦ ਇੰਗਲੈਂਡ ’ਚ ਪਹਿਲੀ ਤੋਂ 19 ਜੁਲਾਈ ਤੱਕ ਪੰਜ ਟੀ20 ਤੇ ਤਿੰਨ ਇਕ ਰੋਜ਼ਾ ਮੈਚ ਖੇਡੇਗੀ।

