India Champions ਵਾਂਗ Field ’ਚ ਉਤਰੇ: Paddy Upton
ਕਿਸੇ ਵੀ ਹੋਰ ਟੀਮ ਵਾਂਗ ਹੀ ਫਿੱਟ ਹੋਣ ਦੀ ਲੋਡ਼ ’ਤੇ ਜ਼ੋਰ ਦਿੱਤਾ
ਭਾਰਤ ਦੀ 2011 ਦੀ ਇਕ ਰੋਜ਼ਾ ਆਲਮੀ ਕ੍ਰਿਕਟ ਕੱਪ ਜੇਤੂ ਟੀਮ ਅਤੇ ਪੈਰਿਸ ਓਲੰਪਿਕ ਵਿੱਚ ਪੁਰਸ਼ ਹਾਕੀ ਟੀਮ ਦੀ ਕਾਂਸੀ ਤਗ਼ਮਾ ਜਿੱਤਣ ਵਾਲੀ ਮੁਹਿੰਮ ਦਾ ਹਿੱਸਾ ਰਹੇ ਮੈਂਟਲ ਕੰਡੀਸ਼ਨਿੰਗ ਕੋਚ ਪੈਡੀ ਅਪਟਨ ਦਾ ਮੰਨਣਾ ਹੈ ਕਿ ਐੱਫ ਆਈ ਐੱਚ ਪੁਰਸ਼ ਹਾਕੀ ਆਲਮੀ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੀਮ ਨੂੰ ਚੈਂਪੀਅਨਾਂ ਵਾਲੀ ਮਾਨਸਿਕਤਾ ਵਿਕਸਤ ਕਰਨੀ ਚਾਹੀਦੀ ਹੈ। ਉਨ੍ਹਾਂ ਖ਼ਾਸ ਇੰਟਰਵਿਊ ਵਿੱਚ ਇਹ ਗੱਲ ਕਹੀ।
ਅਪਟਨ ਨੇ ਕਿਹਾ, ‘‘ਮੁੱਖ ਗੱਲ ਇਹ ਹੈ ਕਿ ਚੈਂਪੀਅਨ ਕਿਸੇ ਟੂਰਨਾਮੈਂਟ ਵਿੱਚ ਚੈਂਪੀਅਨਾਂ ਵਜੋਂ ਹੀ ਪਹੁੰਚਦੇ ਹਨ। ਉਹ ਇਸ ਗੱਲ ਦੀ ਤਸਦੀਕ ਲਈ ਫਾਈਨਲ ਜਿੱਤਣ ਦਾ ਇੰਤਜ਼ਾਰ ਨਹੀਂ ਕਰਦੇ ਕਿ ਉਹ ਚੈਂਪੀਅਨ ਹਨ।’’ ਉਨ੍ਹਾਂ ਕਿਹਾ, ‘‘ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਸੀਂ ਕਿਸੇ ਵੀ ਹੋਰ ਟੀਮ ਵਾਂਗ ਹੀ ਫਿੱਟ ਹੋਈਏ, ਸਾਡੀ ਖ਼ੁਰਾਕ ਕਿਸੇ ਵੀ ਟੀਮ ਜਿੰਨੀ ਵਧੀਆ ਹੋਵੇ ਅਤੇ ਨੀਂਦ ਤੇ ਰਿਕਵਰੀ ਵਰਗੀਆਂ ਬਾਰੀਕੀਆਂ ਵੱਲ ਸਾਡਾ ਧਿਆਨ ਆਲਮੀ ਚੈਂਪੀਅਨਾਂ ਦੇ ਮਿਆਰਾਂ ਮੁਤਾਬਕ ਹੋਵੇ।’’
ਕੋਚ ਨੇ ਕਿਹਾ ਕਿ ਕ੍ਰਿਕਟ ਅਤੇ ਹਾਕੀ ਖਿਡਾਰੀਆਂ ਦੀ ਤਿਆਰੀ ਵਿੱਚ ਸਭ ਤੋਂ ਵੱਡਾ ਫ਼ਰਕ ਟੀਮ ਦੇ ਤਾਣੇ-ਬਾਣੇ ਨੂੰ ਸੰਭਾਲਣ ਵਿੱਚ ਹੈ। ਉਨ੍ਹਾਂ ਕਿਹਾ, ‘‘ਸਭ ਤੋਂ ਵੱਡਾ ਫ਼ਰਕ ਇਹ ਹੋਵੇਗਾ ਕਿ ਕ੍ਰਿਕਟ ਵਿੱਚ ਜ਼ਿਆਦਾਤਰ ਕੰਮ ਵਿਅਕਤੀਗਤ ਪ੍ਰਦਰਸ਼ਨ ’ਤੇ ਕੇਂਦਰਿਤ ਹੁੰਦਾ ਹੈ, ਜਦੋਂ ਕਿ ਹਾਕੀ ਵਿੱਚ ਪੂਰੀ ਟੀਮ ਦਾ ਪ੍ਰਦਰਸ਼ਨ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ। ਕਿਸੇ ਵਿਅਕਤੀ ਦੀ ਮਾਨਸਿਕਤਾ ਆਲੇ-ਦੁਆਲੇ ਦੇ ਖਿਡਾਰੀਆਂ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ, ਇਹ ਬਹੁਤ ਅਹਿਮ ਹੈ।’’ ਅਪਟਨ ਨੇ ਕਿਹਾ, ‘‘ਹਾਕੀ ਵਿੱਚ ਤੁਸੀਂ ਲਗਾਤਾਰ ਸਮੂਹ ਵਜੋਂ ਜੁੜੇ ਰਹਿੰਦੇ ਹੋ ਜਦੋਂ ਕਿ ਕ੍ਰਿਕਟ ਵਿੱਚ ਜਦੋਂ ਦੋ ਖਿਡਾਰੀ ਬੱਲੇਬਾਜ਼ੀ ਕਰ ਰਹੇ ਹੁੰਦੇ ਹਨ, ਤਾਂ ਸਾਰੀ ਜ਼ਿੰਮੇਵਾਰੀ ਉਨ੍ਹਾਂ ’ਤੇ ਹੁੰਦੀ ਹੈ। ਇਸੇ ਤਰ੍ਹਾਂ ਗੇਂਦਬਾਜ਼ੀ ਦੌਰਾਨ, ਉਸ ਸਮੇਂ ਸਾਰਾ ਬੋਝ ਗੇਂਦਬਾਜ਼ ’ਤੇ ਹੁੰਦਾ ਹੈ।’’ ਅਪਟਨ ਨੇ ਕਿਹਾ ਕਿ ਧਿਆਨ ਉਸ ਹਰ ਚੀਜ਼ ਦੀ ਤਿਆਰੀ ’ਤੇ ਹੈ ਜੋ ਭਾਰਤ ਅਤੇ ਖ਼ਿਤਾਬ ਦਰਮਿਆਨ ਆ ਸਕਦੀ ਹੈ। ਉਨ੍ਹਾਂ ਕਿਹਾ, ‘‘ਅਸੀਂ ਹੁਣ ਫਾਈਨਲ ਜਿੱਤਣ ’ਤੇ ਧਿਆਨ ਨਹੀਂ ਦੇ ਸਕਦੇ। ਅਸੀਂ ਹਰ ਉਸ ਚੀਜ਼ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਜੋ ਸਾਨੂੰ ਫਾਈਨਲ ਤੱਕ ਪਹੁੰਚਣ ਦਾ ਮੌਕਾ ਦਿੰਦੀ ਹੈ। ਦੂਜੀ ਮੁੱਖ ਗੱਲ ਇਹ ਹੈ ਕਿ ਅੱਗੇ ਆਉਣ ਵਾਲੇ ਅੜਿੱਕਿਆਂ ਅਤੇ ਚੁਣੌਤੀਆਂ ਲਈ ਤਿਆਰ ਰਿਹਾ ਜਾਵੇ।’’

