India Sri Lanka Test: ਸੋਨਲ ਦਿਨੁਸ਼ਾ ਦੀ ਵਧੀਆ ਬੱਲੇਬਾਜ਼ੀ ਸਦਕਾ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਦੂਜਾ ਟੈਸਟ ਮੈਚ ਡਰਾਅ
ਫਾਲੋਆਨ ਦੇ ਬਾਵਜੂਦ ਨੌਂ ਵਿਕਟਾਂ ’ਤੇ 429 ਦੌੜਾਂ ਬਣਾਈਆਂ
India Sri Lanka Test: ਕੋਲੰਬੋ ਵਿਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਸ੍ਰੀਲੰਕਾ ਨੇ ਸ਼ਾਨਦਾਰ ਮੁਕਾਬਲਾ ਕਰਦਿਆਂ ਭਾਰਤ ਵਿਰੁੱਧ ਮੈਚ ਡਰਾਅ ਕਰਵਾ ਲਿਆ। ਸੋਨਲ ਦਿਨੁਸ਼ਾ ਨੇ 133 ਦੌੜਾਂ ਦੀ ਨਾਬਾਦ ਅਤੇ ਸ਼ਾਨਦਾਰ ਪਾਰੀ ਖੇਡ ਕੇ ਟੀਮ ਨੂੰ ਸੰਕਟ ਵਿੱਚੋਂ ਕੱਢਿਆ। ਭਾਰਤ ਨੇ ਪਹਿਲੀ ਪਾਰੀ ਵਿੱਚ 213 ਦੌੜਾਂ ਦੀ ਲੀਡ ਬਣਾਉਣ ਤੋਂ ਬਾਅਦ ਸ੍ਰੀਲੰਕਾ ਨੂੰ ਫਾਲੋ-ਆਨ ਦਿੱਤਾ ਸੀ ਪਰ ਮੇਜ਼ਬਾਨ ਟੀਮ ਨੇ ਵਧੀਆ ਬੱਲੇਬਾਜ਼ੀ ਕਰਦਿਆਂ 154 ਓਵਰਾਂ ਵਿੱਚ 9 ਵਿਕਟਾਂ ’ਤੇ 429 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾ ਟੈਸਟ ਮੈਚ 165 ਦੌੜਾਂ ਨਾਲ ਜਿੱਤਿਆ ਸੀ ਤੇ ਇਹ ਸੀਰੀਜ਼ 1-0 ਨਾਲ ਆਪਣੇ ਨਾਂ ਕਰ ਲਈ।
ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 9 ਵਿਕਟਾਂ ’ਤੇ 503 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ। ਭਾਰਤ ਵੱਲੋਂ ਦੇਵਦੱਤ ਪਡੀਕਲ ਨੇ 117 ਅਤੇ ਧਰੁਵ ਜੁਨੇਲ ਨੇ ਨਾਬਾਦ 115 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਰਿਸ਼ਭ ਪੰਤ ਨੇ ਵੀ 63 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਬਾਅਦ ਸ੍ਰੀਲੰਕਾ ਦੀ ਪਹਿਲੀ ਪਾਰੀ 290 ਦੌੜਾਂ ’ਤੇ ਸਿਮਟ ਗਈ ਸੀ। ਦੂਜੇ ਪਾਸੇ ਸ੍ਰੀਲੰਕਾ ਦੀ ਦੂਜੀ ਪਾਰੀ ਦੌਰਾਨ ਪਸਿੰਦੂ ਸੂਰੀਆਬੰਦਾਰਾ ਨੇ ਵੀ 92 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ਾਂ ਵਿੱਚੋਂ ਮਾਨਵ ਸੁਥਾਰ ਅਤੇ ਰਾਵਿੰਦਰ ਜਡੇਜਾ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ ਪਰ ਉਹ ਮੈਚ ਨੂੰ ਜਿੱਤ ਵਿੱਚ ਨਹੀਂ ਬਦਲ ਸਕੇ ਕਿਉਂਕਿ ਪਿੱਚ ਬੱਲੇਬਾਜ਼ਾਂ ਲਈ ਕਾਫ਼ੀ ਮਦਦਗਾਰ ਸਾਬਤ ਹੋਈ।

