ਭਾਰਤੀ ਟੀ-20 ਵਿਸ਼ਵ ਚੈਂਪੀਅਨ ਟੀਮ ਅੱਜ ਇਥੇ ਦੱਖਣੀ ਅਫਰੀਕਾ ਖਿਲਾਫ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਨਾਲ ਅਗਲੇ ਵਰ੍ਹੇ ਮੁਲਕ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰੇਗੀ। ਸ਼ੁਭਮਨ ਗਿੱਲ ਅਤੇ ਹਾਰਦਿਕ ਪਾਂਡਿਆ ਦੀ ਵਾਪਸੀ ਨਾਲ ਟੀਮ ਨੂੰ ਮਜ਼ਬੂਤੀ ਮਿਲੇਗੀ।
ਦੱਖਣੀ ਅਫਰੀਕਾ ਖਿਲਾਫ਼ ਹੋਣ ਵਾਲੀ ਇਹ ਲੜੀ ਫਰਵਰੀ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਭਾਰਤ ਦੀਆਂ ਤਿਆਰੀਆਂ ਦਾ ਆਗਾਜ਼ ਹੈ। ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ 10 ਟੀ-20 ਮੈਚ ਖੇਡੇਗੀ। ਭਾਰਤੀ ਟੀਮ ਇਨ੍ਹਾਂ ਦੋਵਾਂ ਲੜੀਆਂ ਵਿੱਚ ਸਪਸ਼ਟ ਨਜ਼ਰੀਏ ਨਾਲ ਮੈਦਾਨ ਵਿੱਚ ਉਤਰੇਗੀ, ਜਿਸ ਵਿੱਚ ਉਸ ਦਾ ਮੁੱਖ ਟੀਚਾ ਵਿਸ਼ਵ ਕੱਪ ਤੋਂ ਪਹਿਲਾਂ ਖਿਡਾਰੀਆਂ ਦੀ ਭੂਮਿਕਾ ਤੈਅ ਕਰਨਾ ਅਤੇ ਲੋੜੀਂਦਾ ਸੁਮੇਲ ਬਣਾਉਣਾ ਹੋਵੇਗਾ।
ਸ਼ੁਭਮਨ ਗਿੱਲ ਦੱਖਣੀ ਅਫਰੀਕਾ ਖਿਲਾਫ਼ ਕੋਲਕਾਤਾ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਗਰਦਨ ਵਿੱਚ ਅਕੜਾਅ ਕਾਰਨ ਬਾਹਰ ਹੋਣ ਮਗਰੋਂ ਵਾਪਸੀ ਕਰ ਰਹੇ ਹਨ। ਉਸ ਦੀ ਵਾਪਸੀ ਨਾਲ ਅਭਿਸ਼ੇਕ ਸ਼ਰਮਾ ਨਾਲ ਉਨ੍ਹਾਂ ਮਜ਼ਬੂਤ ਸਲਾਮੀ ਜੋੜੀ ਬਣੇਗੀ। ਭਾਰਤ ਲਈ ਹਾਰਦਿਕ ਪਾਂਡਿਆ ਦੀ ਵਾਪਸੀ ਵੀ ਓਨੀ ਹੀ ਮਹੱਤਵਪੂਰਨ ਹੈ। ਏਸ਼ੀਆ ਕੱਪ ਦੌਰਾਨ ਫੱਟੜ ਹੋਣ ਕਾਰਨ ਦੋ ਮਹੀਨੇ ਤੋਂ ਵਧ ਸਮੇਂ ਤੋਂ ਬਾਹਰ ਰਹਿਣ ਵਾਲੇ ਇਸ ਹਰਫਨਮੌਲਾ ਖਿਡਾਰੀ ਨੇ ਮੁਸ਼ਤਾਕ ਅਲੀ ਟਰਾਫੀ ਵਿੱਚ ਬੜੌਦਾ ਵੱਲੋਂ ਇਕ ਮੈਚ ਵਿੱਚ 42 ਗੇਂਦਾਂ ’ਤੇ 77 ਦੌੜਾਂ ਬਣਾਈਆਂ ਸਨ ਅਤੇ ਚਾਰ ਓਵਰਾਂ ਵਿੱਚ 52 ਦੌੜਾਂ ਦੇ ਕੇ ਇਕ ਵਿਕਟ ਲਿਆ ਸੀ। ਕਪਤਾਨ ਸੂਰਿਆਕੁਮਾਰ ਯਾਦਵ ਲੰਮੇ ਸਮੇਂ ਤੋਂ ਖ਼ਰਾਬ ਦਸ਼ਾ ਦਾ ਸਾਹਮਣਾ ਕਰ ਰਹੇ ਹਨ। ਆਈ ਪੀ ਐੱਲ ਵਿੱਚ ਉਨ੍ਹਾਂ 717 ਦੌੜਾਂ ਬਣਾਈਆ ਤੇ ਉਸ ਮਗਰੋਂ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਸੁੂਰਿਆਕੁਮਾਰ ਯਾਦਵ ਦਾ ਕਹਿਣਾ ਹੈ ਕਿ ਹਾਰਦਿਕ ਪਾਂਡਿਆ ਦੀ ਵਾਪਸੀ ਨਾਲ ਟੀਮ ਏਸ਼ੀਆ ਕੱਪ ਵਿੱਚ ਸਫਲਤਾ ਦੀ ਰਣਨੀਤੀ ਅਤੇ ਸੰਤੁਲਨ ਮੁੜ ਹਾਸਲ ਕਰ ਲਏਗੀ।

