ICC T-20 Rankings ਵਿੱਚ ਮੁੜ ਸਿਖਰ ’ਤੇ ਭਾਰਤ
Suryakumar Yadav ਦੀ ਅਗਵਾਈ ਵਿੱਚ ਭਾਰਤ ਨੇ ਮੋਹਰੀ ਟੀਮ ਹੋਣ ਦਾ ਖ਼ਿਤਾਬ ਬਰਕਰਾਰ ਰੱਖਿਆ
ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਦਾ ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਆਈਸੀਸੀ ਟੀ-20 ਟੀਮ ਰੈਂਕਿੰਗ ਵਿੱਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ 275 ਰੇਟਿੰਗ ਅੰਕਾਂ ਨਾਲ ਸਿਖਰ ’ਤੇ ਬਣੀ ਹੋਈ ਹੈ। ਹਾਲਾਂਕਿ ਭਾਰਤ ਦੀ ਲੀਡ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਉਹ ਹਾਲੇ ਵੀ ਦੂਜੇ ਸਥਾਨ ’ਤੇ ਮੌਜੂਦ ਇੰਗਲੈਂਡ (262 ਅੰਕ) ਅਤੇ ਤੀਜੇ ਸਥਾਨ 'ਤੇ ਮੌਜੂਦ ਆਸਟ੍ਰੇਲੀਆ (258 ਅੰਕ) ਤੋਂ ਕਾਫੀ ਅੱਗੇ ਹਨ। ਭਾਰਤ ਦੀ ਇਸ ਸਫਲਤਾ ਦਾ ਵੱਡਾ ਕਾਰਨ ਉਨ੍ਹਾਂ ਦਾ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਟੀਮ ਨੇ ਪਿਛਲੇ ਦੋ ਸਾਲਾਂ ਵਿੱਚ 2024 ਅਤੇ 2026 ਦੇ ਦੋਵੇਂ ਟੀ-20 ਵਿਸ਼ਵ ਕੱਪ ਜਿੱਤੇ ਹਨ ਅਤੇ ਇਸ ਦੌਰਾਨ ਕਿਸੇ ਵੀ ਟੀ-20 ਲੜੀ ਵਿੱਚ ਹਾਰ ਦਾ ਸਾਹਮਣਾ ਨਹੀਂ ਕੀਤਾ।
ਰੈਂਕਿੰਗ ਦੇ ਨਵੇਂ ਅੰਕੜਿਆਂ ਅਨੁਸਾਰ ਪਹਿਲੀਆਂ ਸੱਤ ਟੀਮਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਨਿਊਜ਼ੀਲੈਂਡ (247 ਅੰਕ), ਦੱਖਣੀ ਅਫਰੀਕਾ (244 ਅੰਕ), ਪਾਕਿਸਤਾਨ (240 ਅੰਕ) ਅਤੇ ਵੈਸਟਇੰਡੀਜ਼ (233 ਅੰਕ) ਆਪਣੇ ਪੁਰਾਣੇ ਸਥਾਨਾਂ 'ਤੇ ਕਾਇਮ ਹਨ ਪਰ ਹੇਠਲੇ ਸਥਾਨਾਂ 'ਤੇ ਕੁਝ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਬੰਗਲਾਦੇਸ਼ ਹੁਣ ਅੱਠਵੇਂ ਸਥਾਨ 'ਤੇ ਆ ਗਿਆ ਹੈ, ਜਦਕਿ ਸ੍ਰੀਲੰਕਾ ਦੇ ਛੇ ਅੰਕ ਘਟਣ ਕਾਰਨ ਉਹ ਨੌਵੇਂ ਸਥਾਨ 'ਤੇ ਖਿਸਕ ਗਿਆ ਹੈ। ਅਫਗਾਨਿਸਤਾਨ ਦੀ ਟੀਮ 220 ਅੰਕਾਂ ਨਾਲ 10ਵੇਂ ਨੰਬਰ 'ਤੇ ਹੈ।
ਉਭਰਦੀਆਂ ਟੀਮਾਂ ਵਿੱਚ ਅਮਰੀਕਾ ਨੇ ਦੋ ਦਰਜੇ ਦੀ ਛਾਲ ਮਾਰੀ ਹੈ ਅਤੇ ਉਹ ਨੈਦਰਜ਼ਲੈਂਡ ਤੇ ਸਕਾਟਲੈਂਡ ਨੂੰ ਪਿੱਛੇ ਛੱਡ ਕੇ 13ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਟਲੀ ਨੇ ਵੀ ਸਭ ਨੂੰ ਪ੍ਰਭਾਵਿਤ ਕਰਦਿਆਂ ਤਿੰਨ ਸਥਾਨਾਂ ਦਾ ਸੁਧਾਰ ਕੀਤਾ ਹੈ ਅਤੇ ਹੁਣ ਉਹ 23ਵੇਂ ਨੰਬਰ 'ਤੇ ਹੈ। ਇਟਲੀ ਨੇ ਆਪਣੇ ਪਹਿਲੇ ਵਿਸ਼ਵ ਕੱਪ ਵਿੱਚ ਨੇਪਾਲ ਨੂੰ 10 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚਿਆ ਸੀ। ਨੇਪਾਲ ਅਤੇ ਓਮਾਨ ਦੀ ਰੈਂਕਿੰਗ ਵਿੱਚ ਇੱਕ-ਇੱਕ ਸਥਾਨ ਦਾ ਸੁਧਾਰ ਹੋਇਆ ਹੈ, ਜਦਕਿ ਸੰਯੁਕਤ ਅਰਬ ਅਮੀਰਾਤ (UAE) ਅਤੇ ਕੈਨੇਡਾ ਦੀ ਰੈਂਕਿੰਗ ਵਿੱਚ ਗਿਰਾਵਟ ਆਈ ਹੈ। ਹੁਣ ਇਸ ਸੂਚੀ ਵਿੱਚ ਕੁੱਲ 98 ਟੀਮਾਂ ਰਹਿ ਗਈਆਂ ਹਨ ਕਿਉਂਕਿ ਫਿਜੀ, ਗੈਂਬੀਆ, ਗ੍ਰੀਸ ਅਤੇ ਇਜ਼ਰਾਈਲ ਨੂੰ ਲੋੜੀਂਦੇ ਮੈਚ ਨਾ ਖੇਡਣ ਕਾਰਨ ਲਿਸਟ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।

