ਭਾਰਤ 2036 ਓਲੰਪਿਕਸ ਦੀ ਮੇਜ਼ਬਾਨੀ ਲਈ ਤਿਆਰ: ਮੋਦੀ
ਵਾਰਾਣਸੀ ’ਚ 72ਵੀਂ ਸੀਨੀਅਰ ਕੌਮੀ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ; ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਸਾਢੇ 11 ਸਾਲਾਂ ਵਿੱਚ ਸਰਕਾਰ ਨੇ ਖੇਡਾਂ ਦੇ ਖੇਤਰ ਵਿੱਚ ਵੱਡੇ ਬਦਲਾਅ ਕੀਤੇ ਹਨ ਅਤੇ ਭਾਰਤ 2036 ਓਲੰਪਿਕਸ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ। ਵਾਰਾਣਸੀ ਵਿੱਚ ਸ਼ੁਰੂ ਹੋਈ 72ਵੀਂ ਸੀਨੀਅਰ ਕੌਮੀ ਵਾਲੀਬਾਲ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਗਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਲ 2030 ਦੀਆਂ ਰਾਸ਼ਟਰਮੰਡਲ ਖੇਡਾਂ ਵੀ ਭਾਰਤ ਵਿੱਚ ਹੀ ਹੋਣਗੀਆਂ।
ਉਨ੍ਹਾਂ ਕਿਹਾ ਕਿ ਦੇਸ਼ ਹੁਣ ‘ਰਿਫਾਰਮ ਐਕਸਪ੍ਰੈੱਸ’ (ਸੁਧਾਰਾਂ ਦੀ ਗੱਡੀ) ’ਤੇ ਸਵਾਰ ਹੈ ਅਤੇ ਖੇਡਾਂ ਵੀ ਇਸ ਦਾ ਅਹਿਮ ਹਿੱਸਾ ਹਨ। ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ ਅਤੇ ‘ਖੇਲੋ ਭਾਰਤ ਨੀਤੀ 2025’ ਨਾਲ ਪਾਰਦਰਸ਼ਤਾ ਵਧੇਗੀ ਅਤੇ ਪ੍ਰਤਿਭਾ ਨੂੰ ਮੌਕਾ ਮਿਲੇਗਾ। ਪਹਿਲਾਂ ਖੇਡਾਂ ਪ੍ਰਤੀ ਉਦਾਸੀਨਤਾ ਸੀ ਪਰ ਹੁਣ ਖੇਲੋ ਇੰਡੀਆ ਮੁਹਿੰਮ ਸਦਕਾ ਹਾਲਾਤ ਬਦਲ ਗਏ ਹਨ। ਉਨ੍ਹਾਂ ਵਾਲੀਬਾਲ ਨੂੰ ਟੀਮ ਭਾਵਨਾ ਨਾਲ ਜੋੜਦਿਆਂ ਕਿਹਾ ਕਿ ਜਿੱਤ ਇਕੱਲੇ ਨਹੀਂ, ਸਗੋਂ ਤਾਲਮੇਲ ਅਤੇ ਭਰੋਸੇ ਨਾਲ ਮਿਲਦੀ ਹੈ।
ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਮੇਤ ਹੋਰ ਆਗੂ ਮੌਜੂਦ ਸਨ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿੱਚ ਕਰੀਬ 43 ਸਾਲਾਂ ਬਾਅਦ ਇਹ ਚੈਂਪੀਅਨਸ਼ਿਪ ਹੋ ਰਹੀ ਹੈ, ਜੋ 11 ਜਨਵਰੀ ਤੱਕ ਚੱਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਬਾਅਦ ਵੱਖ-ਵੱਖ ਖੇਡਾਂ ਵਿੱਚ ਭਾਰਤ ਦਾ ਪ੍ਰਦਰਸ਼ਨ ਬਿਹਤਰ ਹੋਇਆ ਹੈ ਅਤੇ ‘ਜੈੱਨ-ਜ਼ੀ’ (ਨਵੀਂ ਪੀੜ੍ਹੀ) ਖੇਡ ਮੈਦਾਨਾਂ ਵਿੱਚ ਤਿਰੰਗਾ ਲਹਿਰਾ ਰਹੀ ਹੈ।

