India Pakistan Hockey: ਏਸ਼ਿਆਈ ਖੇਡਾਂ 2026: ਹਾਕੀ ’ਚ ਭਾਰਤ ਅਤੇ ਪਾਕਿਸਤਾਨ ਨੂੰ ਵੱਖ-ਵੱਖ ਗਰੁੱਪਾਂ ਵਿੱਚ ਰੱਖਿਆ
ਹਾਕੀ ਮੁਕਾਬਲੇ 18 ਸਤੰਬਰ ਤੋਂ 3 ਅਕਤੂਬਰ ਤੱਕ ਜਪਾਨ ਵਿਚ ਹੋਣਗੇ
Asian Games Hockey: ਏਸ਼ਿਆਈ ਖੇਡਾਂ 2026 ਦੇ ਪੁਰਸ਼ ਹਾਕੀ ਮੁਕਾਬਲਿਆਂ ਲਈ ਮੌਜੂਦਾ ਚੈਂਪੀਅਨ ਭਾਰਤ ਅਤੇ ਉਸ ਦੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਵੱਖ-ਵੱਖ ਗਰੁੱਪਾਂ ਵਿੱਚ ਰੱਖਿਆ ਗਿਆ ਹੈ। ਇਹ ਜਾਣਕਾਰੀ ਅੱਜ ਪ੍ਰਬੰਧਕਾਂ ਨੇ ਸਾਂਝੀ ਕੀਤੀ ਹੈ।
ਜਾਣਕਾਰੀ ਅਨੁਸਾਰ ਭਾਰਤ ਨੂੰ ਪੂਲ-ਏ ਵਿੱਚ ਮੇਜ਼ਬਾਨ ਜਪਾਨ, ਦੱਖਣੀ ਕੋਰੀਆ, ਬੰਗਲਾਦੇਸ਼, ਸ੍ਰੀਲੰਕਾ ਅਤੇ ਇੰਡੋਨੇਸ਼ੀਆ ਨਾਲ ਰੱਖਿਆ ਗਿਆ ਹੈ।
ਦੂਜੇ ਪਾਸੇ ਪਾਕਿਸਤਾਨ ਨੂੰ ਪੂਲ-ਬੀ ਵਿੱਚ ਮਲੇਸ਼ੀਆ, ਚੀਨ, ਓਮਾਨ, ਉਜ਼ਬੇਕਿਸਤਾਨ ਅਤੇ ਥਾਈਲੈਂਡ ਨਾਲ ਰੱਖਿਆ ਗਿਆ ਹੈ। ਇਸ ਡਰਾਅ ਤੋਂ ਸਾਫ ਹੋ ਗਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੁਕਾਬਲਾ ਸਿਰਫ਼ ਸੈਮੀਫਾਈਨਲ ਜਾਂ ਮੈਡਲ ਮੈਚਾਂ ਵਿੱਚ ਹੀ ਹੋ ਸਕਦਾ ਹੈ।
ਮਹਿਲਾ ਮੁਕਾਬਲਿਆਂ ਵਿੱਚ ਭਾਰਤ ਨੂੰ ਪੂਲ-ਬੀ ਵਿੱਚ ਜਪਾਨ, ਥਾਈਲੈਂਡ, ਸਿੰਗਾਪੁਰ, ਇੰਡੋਨੇਸ਼ੀਆ ਅਤੇ ਉਜ਼ਬੇਕਿਸਤਾਨ ਨਾਲ ਰੱਖਿਆ ਗਿਆ ਹੈ। ਜਦਕਿ ਪੂਲ-ਏ ਵਿੱਚ ਚੀਨ, ਦੱਖਣੀ ਕੋਰੀਆ, ਮਲੇਸ਼ੀਆ, ਕਜ਼ਾਖਸਤਾਨ, ਚੀਨੀ ਤਾਈਪੇਈ ਅਤੇ ਬੰਗਲਾਦੇਸ਼ ਸ਼ਾਮਲ ਹਨ। ਦੋਵਾਂ ਵਰਗਾਂ (ਪੁਰਸ਼ ਅਤੇ ਮਹਿਲਾ) ਵਿੱਚ 12-12 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ 6-6 ਦੇ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰੇਕ ਗਰੁੱਪ ਤੋਂ ਚੋਟੀ ਦੀਆਂ ਦੋ-ਦੋ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ।
ਖੇਡਾਂ ਦਾ ਸ਼ਡਿਊਲ, ਓਲੰਪਿਕ ਕੁਆਲੀਫਿਕੇਸ਼ਨ ਅਤੇ ਭਾਰਤ ਦਾ ਰਿਕਾਰਡ
ਏਸ਼ਿਆਈ ਖੇਡਾਂ ਵਿੱਚ ਹਾਕੀ ਦੇ ਮੁਕਾਬਲੇ 18 ਸਤੰਬਰ ਤੋਂ 3 ਅਕਤੂਬਰ ਤੱਕ ਜਪਾਨ ਦੇ ਕਾਕਾਮੀਗਾਹਾਰਾ ਸਥਿਤ ਗਿਫੂ ਪ੍ਰੀਫੈਕਚਰਲ ਗ੍ਰੀਨ ਸਟੇਡੀਅਮ ਵਿੱਚ ਕਰਵਾਏ ਜਾਣਗੇ। ਮਹਿਲਾ ਵਰਗ ਦੇ ਮੈਡਲ ਮੈਚ 2 ਅਕਤੂਬਰ ਨੂੰ ਅਤੇ ਪੁਰਸ਼ ਵਰਗ ਦੇ ਮੈਡਲ ਮੈਚ 3 ਅਕਤੂਬਰ ਨੂੰ ਖੇਡੇ ਜਾਣਗੇ।
2026 ਦਾ ਇਹ ਟੂਰਨਾਮੈਂਟ ਲਾਸ ਏਂਜਲਸ 2028 ਓਲੰਪਿਕ ਖੇਡਾਂ ਲਈ ਕੁਆਲੀਫਾਇਰ ਵਜੋਂ ਵੀ ਕੰਮ ਕਰੇਗਾ, ਜਿੱਥੇ ਪੁਰਸ਼ ਵਰਗ ਵਿੱਚ ਸੋਨ ਤਗਮਾ ਜਿੱਤਣ ਵਾਲੀ ਟੀਮ ਨੂੰ ਓਲੰਪਿਕ ਵਿੱਚ ਸਿੱਧੀ ਐਂਟਰੀ ਮਿਲੇਗੀ।
ਹਰਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਭਾਰਤੀ ਪੁਰਸ਼ ਟੀਮ ਨੇ 2023 ਦੀਆਂ ਹਾਂਗਜ਼ੂ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਜਪਾਨ ਨੂੰ ਹਰਾ ਕੇ ਆਪਣਾ ਚੌਥਾ ਏਸ਼ਿਆਈ ਖੇਡਾਂ ਦਾ ਖ਼ਿਤਾਬ ਜਿੱਤਿਆ ਸੀ। ਭਾਰਤੀ ਪੁਰਸ਼ ਟੀਮ ਨੇ ਹੁਣ ਤੱਕ ਚਾਰ ਵਾਰ (1966, 1998, 2014 ਅਤੇ 2023) ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਹੈ, ਜਦਕਿ ਪਾਕਿਸਤਾਨ 8 ਖ਼ਿਤਾਬਾਂ ਨਾਲ ਸਭ ਤੋਂ ਸਫ਼ਲ ਟੀਮ ਹੈ।
ਦੂਜੇ ਪਾਸੇ, 2023 ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ, ਜਿਸ ਨੇ 1982 ਵਿੱਚ ਪਹਿਲੀ ਵਾਰ ਸੋਨ ਤਗਮਾ ਜਿੱਤਿਆ ਸੀ, 44 ਸਾਲਾਂ ਬਾਅਦ ਦੁਬਾਰਾ ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਦੇ ਮਕਸਦ ਨਾਲ ਮੈਦਾਨ ਵਿੱਚ ਉਤਰੇਗੀ।

