ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ ’ਚ ਭਾਰਤ ਨੇ ਵੇਲਜ਼ ਨੂੰ ਹਰਾਇਆ
ਕੁਆਰਟਰ ਫਾਈਨਲ ਦੀ ਦੌੜ ’ਚੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਭਾਰਤ ਨੇ ਐੱਫ ਆਈ ਐੱੱਚ ਜੂਨੀਅਰ ਮਹਿਲਾ ਵਿਸ਼ਵ ਕੱਪ ਹਾਕੀ ਮੁਕਾਬਲੇ ਦੇ ਨੌਵੇਂ ਤੋਂ 16ਵੇਂ ਸਥਾਨ ਦੇ ਕਲਾਸੀਫਿਕੇਸ਼ਨ ਮੈਚ ’ਚ ਵੇਲਜ਼ ’ਤੇ 3-1 ਨਾਲ ਸ਼ਾਨਦਾਰ ਜਿੱਤ ਦਰਜ ਕਰ ਕੇ ਸਿਖਰਲੇ 10 ਵਿੱਚ ਥਾਂ ਬਣਾਉਣ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ।
ਭਾਰਤ ਵੱਲੋਂ ਹਿਨਾ ਬਾਨੋ (14ਵੇਂ ਮਿੰਟ), ਸੁਨੇਲਿਤਾ ਟੋਪੋ (24ਵੇਂ) ਅਤੇ ਇਸ਼ਿਕਾ (31ਵੇਂ ਮਿੰਟ) ਨੇ ਗੋਲ ਕੀਤੇ; ਵੇਲਜ਼ ਲਈ ਇੱਕੋ-ਇੱਕ ਗੋਲ ਐਲੋਇਸ ਮੋਟ (52ਵੇਂ ਮਿੰਟ) ਨੇ ਕੀਤਾ। ਭਾਰਤ ਨੇ ਮੈਚ ’ਤੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ। ਉਸ ਨੂੰ ਪਹਿਲੇ 30 ਸਕਿੰਟ ’ਚ ਹੀ ਪੈਨਲਟੀ ਕਾਰਨਰ ਮਿਲਿਆ ਪਰ ਉਹ ਇਸ ਦਾ ਫਾਇਦਾ ਨਾ ਚੁੱਕ ਸਕਿਆ। ਭਾਰਤੀ ਖਿਡਾਰਨਾਂ ਨੇ ਕਈ ਮੌਕੇ ਬਣਾਏ ਪਰ ਸ਼ੁਰੂਆਤ ’ਚ ਗੋਲ ਨਾ ਕਰ ਸਕੀਆਂ। ਵੇਲਜ਼ ਨੂੰ ਵੀ ਇਸੇ ਵਿਚਾਲੇ ਪੈਨਲਟੀ ਸਟ੍ਰੋਕ ਰਾਹੀਂ ਲੀਡ ਹਾਸਲ ਕਰਨ ਦਾ ਮੌਕਾ ਮਿਲਿਆ ਪਰ ਕਾਮਯਾਬੀ ਨਾ ਮਿਲੀ। ਭਾਰਤ ਨੇ ਪਹਿਲੇ ਕੁਆਰਟਰ ਦੇ ਆਖਰੀ ਸਮੇਂ ’ਚ ਗੋਲ ਕੀਤਾ ਅਤੇ ਖੇਡ ਅੱਧੀ ਹੋਣ ਤੱਕ 2-0 ਦੀ ਲੀਡ ਹਾਸਲ ਕਰ ਲਈ। ਭਾਰਤ ਨੇ ਦੂਜੇ ਅੱਧ ਦੀ ਸ਼ੁਰੂਆਤ ’ਚ ਹੀ ਲੀਡ 3-0 ਕਰ ਲਈ। ਚੌਥੇ ਤੇ ਆਖਰੀ ਕੁਆਰਟਰ ’ਚ ਵੇਲਜ਼ ਨੂੰ ਇੱਕ ਮੌਕਾ ਮਿਲਿਆ ਤੇ ਐਲੋਇਸ ਮੋਟ ਨੇ ਟੀਮ ਲਈ ਇੱਕੋ-ਇੱਕ ਗੋਲ ਕੀਤਾ। ਭਾਰਤ ਦਾ ਅਗਲਾ ਮੁਕਾਬਲਾ ਨੌਂ ਦਸੰਬਰ ਨੂੰ ਉਰੂਗੁਏ ਨਾਲ ਹੋਵੇਗਾ। ਇਹ ਮੈਚ ਜਿੱਤਣ ਵਾਲੀ ਟੀਮ ਓਵਰਆਲ ਸੂਚੀ ਵਿੱਚ ਨੌਵੇਂ ਸਥਾਨ ਲਈ ਅਤੇ ਹਾਰਨ ਵਾਲੀ ਟੀਮ 11ਵੇਂ ਸਥਾਨ ਲਈ ਮੈਚ ਖੇਡੇਗੀ।
