ਭਾਰਤ ‘ਏ’ ਨੇ ਇੱਥੇ ਇੱਕਪਾਸੜ ਫਾਈਨਲ ਵਿੱਚ ਬੰਗਲਾਦੇਸ਼ ‘ਏ’ ਨੂੰ 46 ਦੌੜਾਂ ਨਾਲ ਹਰਾ ਕੇ ਏ ਸੀ ਸੀ ਮਹਿਲਾ ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ ਟੂਰਨਾਮੈਂਟ ਜਿੱਤ ਲਿਆ ਹੈ। ਭਾਰਤੀ ਟੀਮ 44 ਦੌੜਾਂ ’ਤੇ ਚਾਰ ਵਿਕਟਾਂ ਗੁਆਉਣ ਮਗਰੋਂ ਸੰਕਟ ਵਿੱਚ ਸੀ, ਪਰ ਤੇਜਲ ਹਸਬਨੀਸ ਨੇ 34 ਗੇਂਂਦਾਂ ਵਿੱਚ ਨਾਬਾਦ 51 ਦੌੜਾਂ ਦੀ ਪਾਰੀ ਖੇਡੀ ਅਤੇ ਭਾਰਤ ਨੂੰ 20 ਓਵਰਾਂ ਵਿੱਚ ਸੱਤ ਵਿਕਟਾਂ ’ਤੇ 134 ਦੌੜਾਂ ਤੱਕ ਪਹੁੰਚਾਇਆ। ਉਸ ਨੇ ਕਪਤਾਨ ਰਾਧਾ ਯਾਦਵ (30 ਗੇਂਦਾਂ ਵਿੱਚ 36 ਦੌੜਾਂ) ਨਾਲ ਪੰਜਵੀਂ ਵਿਕਟ ਲਈ 89 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਭਾਰਤੀ ਟੀਮ ਨੇ ਇਸ ਮਗਰੋਂ ਪ੍ਰੇਮਾ ਰਾਵਤ (12 ਦੌੜਾਂ ਦੇ ਕੇ) ਤਿੰਨ ਵਿਕਟਾਂ ਨਾਲ ਬੰਗਲਾਦੇਸ਼ ਨੂੰ 19.1 ਓਵਰ ਵਿੱਚ 88 ਦੌੜਾਂ ’ਤੇ ਆਊਟ ਕਰ ਦਿੱਤਾ।
ਬੰਗਲਾਦੇਸ਼ ਨੇ ਪਹਿਲੀ ਵਿਕਟ ਤੀਜੇ ਓਵਰ ਵਿੱਚ 12 ਦੌੜਾਂ ਦੇ ਸਕੋਰ ’ਤੇ ਗੁਆਈ, ਜਿਸ ਮਗਰੋਂ ਵਿਕਟਾਂ ਦੀ ਝੜੀ ਲੱਗ ਗਈ। ਬੰਗਲਾਦੇਸ਼ ਨੇ ਪਹਿਲੀ ਵਿਕਟ ਇਸ਼ਮਾ ਤਨਜੀਮ ਵਜੋਂ ਗੁਆਈ, ਜਿਸ ਨੂੰ ਤੇਜ਼ ਗੇਂਦਬਾਜ਼ ਸਾਈਮਾ ਠਾਕੋਰ ਨੇ ਬਾਹਰ ਦਾ ਰਸਤਾ ਦਿਖਾਇਆ। ਪ੍ਰੇਮਾ ਨੇ ਸ਼ਮੀਮਾ ਸੁਲਤਾਨਾ ਨੂੰ ਆਊਟ ਕੀਤਾ।
ਭਾਰਤ ‘ਏ’ ਨੇ 2023 ਵਿੱਚ ਪਹਿਲੇ ਟੂਰਨਾਮੈਂਟ ਦੇ ਫਾਈਨਲ ਵਿੱਚ ਵੀ ਬੰਗਲਾਦੇਸ਼ ‘ਏ’ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ।

