India ‘A’ ਦੀ ਇਕ ਰੋਜ਼ਾ ਕ੍ਰਿਕਟ ’ਚ ਜੇਤੂ ਸ਼ੁਰੂਆਤ
ਸ੍ਰੀਲੰਕਾ ‘ਏ’ ਨੂੰ ਅੱਠ ਦੌੜਾਂ ਨਾਲ ਹਰਾਇਆ; ਗਾਇਕਵਾੜ ਨੇ ਸੈਂਕੜਾ ਜਡ਼ਿਆ
ਭਾਰਤ ‘ਏ’ ਨੇ ਅੱਜ ਇਕ ਰੋਜ਼ਾ ਕ੍ਰਿਕਟ ਵਿੱਚ ਜੇਤੂ ਸ਼ੁਰੂਆਤ ਕੀਤੀ। ਇਸ ਮੈਚ ਵਿੱਚ ਵੈਭਵ ਸੂਰਿਆਵੰਸ਼ੀ ਭਾਵੇਂ 14 ਦੌੜਾਂ ਹੀ ਬਣਾ ਸਕਿਆ, ਪਰ ਰੁਤੂਰਾਜ ਗਾਇਕਵਾੜ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਸ੍ਰੀਲੰਕਾ ‘ਏ’ ਨੂੰ ਅੱਠ ਦੌੜਾਂ ਨਾਲ ਹਰਾ ਦਿੱਤਾ। ਸ੍ਰੀਲੰਕਾ ‘ਏ’ ਦੀ ਟੀਮ ਜਿੱਤ ਲਈ 278 ਦੌੜਾਂ ਦੇ ਟੀਚੇ ਵੱਲ ਵਧਦੀ ਦਿਖਾਈ ਦੇ ਰਹੀ ਸੀ ਅਤੇ ਕਪਤਾਨ ਸਾਹਾਨ ਅਰਾਛੀਗੇ ਨੇ 72 ਗੇਂਦਾਂ ਵਿੱਚ 74 ਦੌੜਾਂ ਬਣਾਈਆਂ, ਪਰ ਮੇਜ਼ਬਾਨ ਟੀਮ ਨੇ ਆਖਰੀ ਚਾਰ ਵਿਕਟਾਂ ਮਹਿਜ਼ 10 ਗੇਂਦਾਂ ਦੇ ਅੰਦਰ-ਅੰਦਰ ਗੁਆ ਦਿੱਤੀਆਂ, ਜਿਸ ਕਾਰਨ ਭਾਰਤ ਨੂੰ ਇਹ ਰੋਮਾਂਚਕ ਜਿੱਤ ਮਿਲੀ। ਇਨ੍ਹਾਂ ਵਿੱਚੋਂ ਤਿੰਨ ਵਿਕਟਾਂ ਆਖਰੀ ਓਵਰ ਵਿੱਚ ਡਿੱਗੀਆਂ, ਜਿਨ੍ਹਾਂ ਵਿੱਚੋਂ ਤੇਜ਼ ਗੇਂਦਬਾਜ਼ ਅਰਸ਼ਦ ਖਾਨ ਨੇ ਦੋ ਵਿਕਟਾਂ ਲਈਆਂ, ਜਦੋਂ ਕਿ ਇੱਕ ਬੱਲੇਬਾਜ਼ ਰਨ ਆਊਟ ਹੋਇਆ। ਇਸ ਤੋਂ ਪਹਿਲਾਂ, ਗਾਇਕਵਾੜ ਨੇ 101 ਦੌੜਾਂ ਦੀ ਪਾਰੀ ਖੇਡ ਕੇ ਭਾਰਤ ‘ਏ’ ਨੂੰ ਛੇ ਵਿਕਟਾਂ ਦੇ ਨੁਕਸਾਨ ’ਤੇ 277 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ। ਭਾਰਤ ਵੱਲੋਂ ਸਪਿਨਰ ਆਯੂਸ਼ ਬਡੋਨੀ ਅਤੇ ਅਨੁਕੂਲ ਰਾਏ ਨੇ ਦੋ-ਦੋ ਵਿਕਟਾਂ ਲਈਆਂ। ਕੌਮਾਂਤਰੀ ਕ੍ਰਿਕਟ ਖੇਡ ਚੁੱਕਾ ਸਾਹਾਨ ਟੀਮ ਨੂੰ ਜਿੱਤ ਦੇ ਬੇਹੱਦ ਕਰੀਬ ਲੈ ਗਿਆ ਸੀ, ਪਰ ਉਹ ਅੰਸ਼ੁਲ ਕੰਬੋਜ ਦੀ ਗੇਂਦ ’ਤੇ ਆਊਟ ਹੋ ਗਿਆ। ਹੁਣ ਭਾਰਤ ‘ਏ’ ਦਾ ਮੁਕਾਬਲਾ 11 ਜੂਨ ਨੂੰ ਅਫ਼ਗਾਨਿਸਤਾਨ ‘ਏ’ ਨਾਲ ਹੋਵੇਗਾ।

