India A Beat Sri Lanka A: ਵੈਭਵ ਸੂਰਿਆਵੰਸ਼ੀ ਦੀ ਤੂਫ਼ਾਨੀ ਪਾਰੀ ਸਦਕਾ ਭਾਰਤ-ਏ ਬਣਿਆ ਚੈਂਪੀਅਨ; ਸ੍ਰੀਲੰਕਾ-ਏ ਨੂੰ 66 ਦੌੜਾਂ ਨਾਲ ਹਰਾਇਆ
Vaibhav Suryavanshi ਨੇ ਸਿਰਫ਼ 11 ਗੇਂਦਾਂ ਵਿੱਚ ਜੜਿਆ ਅਰਧ ਸੈਂਕੜਾ
ਭਾਰਤ-ਏ ਨੇ ਦਾਂਬੁੱਲਾ ਵਿੱਚ ਖੇਡੇ ਗਏ ਟ੍ਰਾਈ ਸੀਰੀਜ਼ ਦੇ ਫਾਈਨਲ ਵਿੱਚ ਸ੍ਰੀਲੰਕਾ-ਏ ਨੂੰ 66 ਦੌੜਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕਰ ਲਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ-ਏ ਨੇ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 377 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਜਵਾਬ ਵਿੱਚ ਸ੍ਰੀਲੰਕਾ-ਏ ਦੀ ਟੀਮ 47.1 ਓਵਰਾਂ ਵਿੱਚ 311 ਦੌੜਾਂ ’ਤੇ ਆਲ ਆਊਟ ਹੋ ਗਈ।
ਭਾਰਤ ਦੀ ਜਿੱਤ ਦੇ ਸਭ ਤੋਂ ਵੱਡੇ ਹੀਰੋ 15 ਸਾਲਾ ਵੈਭਵ ਸੂਰਿਆਵੰਸ਼ੀ ਰਹੇ। ਇਸ ਨੌਜਵਾਨ ਬੱਲੇਬਾਜ਼ ਨੇ ਸਿਰਫ਼ 29 ਗੇਂਦਾਂ ਵਿੱਚ 94 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਦੌਰਾਨ ਉਨ੍ਹਾਂ ਨੇ 10 ਚੌਕੇ ਅਤੇ 8 ਛੱਕੇ ਜੜੇ। ਵੈਭਵ ਨੇ ਸਿਰਫ਼ 11 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰਕੇ 50 ਓਵਰਾਂ ਦੇ ਕ੍ਰਿਕਟ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਵਿਸ਼ਵ ਰਿਕਾਰਡ ਆਪਣੇ ਨਾਮ ਕਰ ਲਿਆ।
ਕਪਤਾਨ ਤਿਲਕ ਵਰਮਾ ਨੇ 67 ਦੌੜਾਂ ਦੀ ਪਾਰੀ ਖੇਡੀ, ਜਦਕਿ ਰਿਤੁਰਾਜ ਗਾਇਕਵਾੜ ਨੇ 40 ਅਤੇ ਅਨੁਕੂਲ ਰਾਏ ਨੇ ਸਿਰਫ਼ 15 ਗੇਂਦਾਂ ਵਿੱਚ 39 ਦੌੜਾਂ ਬਣਾ ਕੇ ਟੀਮ ਦੇ ਸਕੋਰ ਨੂੰ ਮਜ਼ਬੂਤੀ ਦਿੱਤੀ।
378 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ੍ਰੀਲੰਕਾ-ਏ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਵੱਲੋਂ ਵਨੁਜਾ ਸਹਾਨ ਨੇ ਸਭ ਤੋਂ ਵੱਧ 62 ਦੌੜਾਂ ਬਣਾਈਆਂ, ਜਦਕਿ ਸਦੀਰਾ ਸਮਰਵਿਕਰਮਾ ਨੇ 52 ਦੌੜਾਂ ਦਾ ਯੋਗਦਾਨ ਪਾਇਆ। ਭਾਰਤ-ਏ ਲਈ ਯਸ਼ ਠਾਕੁਰ ਅਤੇ ਵਿਪਰਾਜ ਨਿਗਮ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕਰਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।
