ਕਪਤਾਨ ਰਾਧਾ ਯਾਦਵ ਦੀ ਸ਼ਾਨਦਾਰ ਸਪਿੰਨ ਗੇਂਦਬਾਜ਼ੀ ਅਤੇ ਦਿਨੇਸ਼ ਵਰਿੰਦਾ ਦੇ ਤੂਫਾਨੀ ਨਾਬਾਦ ਨੀਮ ਸੈਂਕੜੇ ਦੀ ਮਦਦ ਨਾਲ ਭਾਰਤ ‘ਏ’ ਨੇ ਐਤਵਾਰ ਨੂੰ ਮਹਿਲਾ ‘ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼’ ਵਿੱਚ ਪਾਕਿਸਤਾਨ ‘ਏ’ ਨੂੰ 59 ਗੇਂਦਾਂ ਬਾਕੀ ਰਹਿੰਦਿਆਂ ਅੱਠ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ‘ਏ’ ਮਹਿਲਾ ਟੀਮ ਦੀ ਇਹ ਟੂਰਨਾਮੈਂਟ ਵਿੱਚ ਪਹਿਲੀ
ਜਿੱਤ ਹੈ।
ਟੀਮ ਨੂੰ ਸ਼ੁੱਕਰਵਾਰ ਨੂੰ ਪਹਿਲੇ ਮੈਚ ਵਿੱਚ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੀ ਟੀਮ ਕੋਲੋਂ ਸੱਤ ਵਿਕਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਾਕਿਸਤਾਨ ‘ਏ’ ਉੱਤੇ ਜਿੱਤ ਨਾਲ ਭਾਰਤ ‘ਏ’ ਮਹਿਲਾ ਟੀਮ ਗਰੁੱਪ ‘ਏ’ ਵਿੱਚ ਯੂ ਏ ਈ ਮਗਰੋਂ ਦੂਜੇ ਸਥਾਨ ’ਤੇ ਪਹੁੰਚ ਗਈ ਹੈ।
ਭਾਰਤ ‘ਏ’ ਦੇ ਸਪਿੰਨਰਾਂ ਨੇ ਆਪਣੀ ਸਟੀਕ ਗੇਂਦਬਾਜ਼ੀ ਨਾਲ ਸਾਂਝੇ ਰੂਪ ਵਿੱਚ ਪੰਜ ਵਿਕਟਾਂ ਲੈ ਕੇ ਪਾਕਿਸਤਾਨ ’ਤੇ ਦਬਾਅ ਪਾਇਆ। ਪਾਕਿਸਤਾਨ ਦੀ ਟੀਮ 18.5 ਓਵਰਾਂ ਵਿਚ ਮਹਿਜ਼ 93 ਦੌੜਾਂ ’ਤੇ ਆਊਟ ਹੋ ਗਈ। ਭਾਰਤ ਵੱਲੋਂ ਵਰਿੰਦਾ ਨੇ 29 ਗੇਂਦਾਂ ਉਤੇ 12 ਚੌਕਿਆਂ ਦੀ ਮਦਦ ਨਾਲ ਨਾਬਾਦ 55 ਦੌੜਾਂ ਬਣਾ ਕੇ ਮੈਚ ਪਾਕਿਸਤਾਨ ਦੀ ਗ੍ਰਿਫ਼ਤ ’ਚੋਂ ਦੂਰ ਕਰ ਦਿੱਤਾ।

