Indian Hockey ਜੇ ਰਣਨੀਤੀ ’ਤੇ ਕਾਇਮ ਰਹੇ ਤਾਂ ਕਿਸੇ ਨੂੰ ਵੀ ਹਰਾ ਸਕਦੇ ਹਾਂ: ਫੁਲਟਨ
ਟੀਮ ਦੇ ਆਤਮ-ਵਿਸ਼ਵਾਸ ਨੂੰ ਵਧਦੇ ਦੇਖਣਾ ਸਭ ਤੋਂ ਵੱਡੀ ਸਿੱਖਿਆ ਰਹੀ
ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਕ੍ਰੇਗ ਫੁਲਟਨ ਨੇ ਦਾਅਵਾ ਕੀਤਾ ਹੈ ਕਿ ਜੇ ਭਾਰਤੀ ਟੀਮ ਆਪਣੀ ਰਣਨੀਤੀ ’ਤੇ ਕਾਇਮ ਰਹਿੰਦੀ ਹੈ, ਤਾਂ ਉਹ ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾ ਸਕਦੀ ਹੈ। ਉਨ੍ਹਾਂ ਇਹ ਬਿਆਨ ਐੱਫ ਆਈ ਐੱਚ ਪ੍ਰੋ ਲੀਗ ਦੇ ਆਖ਼ਰੀ ਪੜਾਅ ’ਚ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਦਿੱਤਾ। ਹਾਲਾਂਕਿ, ਇਸ ਲੀਗ ’ਚ ਭਾਰਤ ਦਾ ਸਮੁੱਚਾ ਸਫ਼ਰ ਕਾਫ਼ੀ ਨਿਰਾਸ਼ਾਜਨਕ ਰਿਹਾ। ਭਾਰਤ ਨੇ ਪ੍ਰੋ ਲੀਗ ਦੇ ਯੂਰੋਪੀਅਨ ਪੜਾਅ ਦੌਰਾਨ ਮੌਜੂਦਾ ਆਲਮੀ ਚੈਂਪੀਅਨ ਜਰਮਨੀ ਅਤੇ 2024 ਓਲੰਪਿਕ ਦੇ ਸੋਨ ਤਗ਼ਮਾ ਜੇਤੂ ਨੈਦਰਲੈਂਡਜ਼ ’ਤੇ ਸ਼ਾਨਦਾਰ ਜਿੱਤਾਂ ਦਰਜ ਕਰ ਕੇ ਆਪਣਾ ਹੌਸਲਾ ਵਧਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਸ਼ਵ ਦੀ ਨੰਬਰ 3 ਟੀਮ ਇੰਗਲੈਂਡ ਨੂੰ ਵੀ ਆਖ਼ਰੀ ਮਿੰਟ ਤੱਕ ਸਖ਼ਤ ਟੱਕਰ ਦਿੱਤੀ। ਹਾਲਾਂਕਿ, ਭਾਰਤੀ ਟੀਮ 16 ਮੈਚਾਂ ਵਿੱਚੋਂ 19 ਅੰਕਾਂ ਨਾਲ ਨੌਂ ਟੀਮਾਂ ਵਿੱਚੋਂ ਅੱਠਵੇਂ ਸਥਾਨ ’ਤੇ ਰਹੀ, ਜੋ ਕਿ ਪਾਕਿਸਤਾਨ (16 ਮੈਚਾਂ ਵਿੱਚੋਂ ਸਿਫ਼ਰ ਅੰਕ) ਤੋਂ ਇੱਕ ਦਰਜਾ ਉੱਪਰ ਹੈ।
ਫੁਲਟਨ ਨੇ ਕਿਹਾ, ‘‘ਇਸ ਪ੍ਰੋ ਲੀਗ ਦੇ ਸਫ਼ਰ ਵਿੱਚ ਸਭ ਤੋਂ ਵੱਡੀ ਸਿੱਖਿਆ ਟੀਮ ਦੇ ਆਤਮਵਿਸ਼ਵਾਸ ਨੂੰ ਵਧਦੇ ਹੋਏ ਦੇਖਣਾ ਰਹੀ ਹੈ। ਜਰਮਨੀ ਅਤੇ ਨੈਦਰਲੈਂਡਜ਼ ’ਤੇ ਜਿੱਤ ਤੇ ਇੰਗਲੈਂਡ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਸਾਬਤ ਕਰਦਾ ਹੈ ਕਿ ਜਦੋਂ ਅਸੀਂ ਰਣਨੀਤੀ ਮੁਤਾਬਕ ਖੇਡਦੇ ਹਾਂ, ਤਾਂ ਅਸੀਂ ਦੁਨੀਆ ਦੇ ਕਿਸੇ ਵੀ ਦੇਸ਼ ਦਾ ਮੁਕਾਬਲਾ ਕਰਨ ਅਤੇ ਉਸ ਨੂੰ ਹਰਾਉਣ ਦੇ ਸਮਰੱਥ ਹਾਂ।’’
ਉਨ੍ਹਾਂ ਕਿਹਾ, ‘‘ਇਹ ਵਿਸ਼ਵ ਕੱਪ ਅਤੇ ਏਸ਼ਿਆਈ ਖੇਡਾਂ ਵੱਲ ਵਧਣ ਲਈ ਮਜ਼ਬੂਤ ਨੀਂਹ ਪੱਥਰ ਹੈ, ਪਰ ਸਾਡਾ ਧਿਆਨ ਅਜੇ ਵੀ ਪ੍ਰਦਰਸ਼ਨ ਬਿਹਤਰ ਬਣਾਉਣ ਅਤੇ ਹਰੇਕ ਕੁਆਰਟਰ ਵਿੱਚ ਨਿਰੰਤਰਤਾ ਬਣਾਈ ਰੱਖਣ ’ਤੇ ਹੈ।’’
