ਆਈਸੀਸੀ ਮਹਿਲਾ ਇਕ ਦਿਨਾ (ODI) ਰੈਂਕਿੰਗ ਵਿੱਚ ਭਾਰਤੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਦੁਨੀਆ ਦੀ ਨੰਬਰ ਇੱਕ ਬੱਲੇਬਾਜ਼ ਵਜੋਂ ਕਾਇਮ ਹੈ। ਉਸ ਦੇ 790 ਅੰਕ ਹਨ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਵੀ ਫਾਇਦਾ ਹੋਇਆ ਹੈ ਅਤੇ ਉਹ ਹੁਣ ਇੱਕ ਦਰਜੇ ਦੇ ਸੁਧਾਰ ਨਾਲ ਸੱਤਵੇਂ ਸਥਾਨ ’ਤੇ ਪਹੁੰਚ ਗਈ ਹੈ। ਨਿਊਜ਼ੀਲੈਂਡ ਦੀ ਦਿੱਗਜ਼ ਖਿਡਾਰਨ ਸੋਫੀ ਡਿਵਾਈਨ ਦੇ ਦੋ ਅੰਕ ਘਟਣ (ਨੌਵੇਂ ਸਥਾਨ) ਕਾਰਨ ਹਰਮਨਪ੍ਰੀਤ ਨੂੰ ਇਹ ਫਾਇਦਾ ਮਿਲਿਆ। ਮੱਧ ਕ੍ਰਮ ਦੀ ਬੱਲੇਬਾਜ਼ ਜੇਮਿਮਾ ਰੌਡਰਿਗਜ਼ 12ਵੇਂ ਸਥਾਨ ’ਤੇ ਬਰਕਰਾਰ ਹੈ।
ਨਿਊਜ਼ੀਲੈਂਡ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ
ਨਿਊਜ਼ੀਲੈਂਡ ਦੀ ਮੈਡੀ ਗ੍ਰੀਨ ਨੇ ਜ਼ਿੰਬਾਬਵੇ ਵਿਰੁੱਧ ਆਖਰੀ ਵਨਡੇਅ ਮੈਚ ਵਿੱਚ 94 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਸਦਕਾ ਉਹ ਪੰਜ ਸਥਾਨਾਂ ਦੀ ਛਾਲ ਮਾਰ ਕੇ 17ਵੇਂ ਨੰਬਰ 'ਤੇ ਆ ਗਈ ਹੈ। ਇਹ ਉਸ ਦੇ ਕਰੀਅਰ ਦੀ ਸਭ ਤੋਂ ਵਧੀਆ ਰੈਂਕਿੰਗ ਹੈ। ਇਸ ਦੇ ਨਾਲ ਹੀ ਟੀਮ ਦੀ ਕਪਤਾਨ ਅਮੇਲੀਆ ਕੇਰ ਨੇ ਵੀ ਕਮਾਲ ਦਿਖਾਇਆ; ਉਸ ਨੇ ਆਖਰੀ ਵਨਡੇਅ ਵਿੱਚ 80 ਦੌੜਾਂ ਬਣਾਉਣ ਦੇ ਨਾਲ-ਨਾਲ 22 ਦੌੜਾਂ ਦੇ ਕੇ 5 ਵਿਕਟਾਂ ਵੀ ਹਾਸਲ ਕੀਤੀਆਂ। ਇਸ ਹਰਫਨਮੌਲਾ ਪ੍ਰਦਰਸ਼ਨ ਸਦਕਾ ਬੱਲੇਬਾਜ਼ੀ ਰੈਂਕਿੰਗ ਵਿੱਚ ਵੀ ਸਧਾਰ ਹੋਇਆ ਤੇ ਉਹ 19ਵੇਂ ਸਥਾਨ ’ਤੇ ਪਹੁੰਚ ਗਈ।
ਟੀ-20 ਰੈਂਕਿੰਗ ਵਿੱਚ ਵੀ ਕਾਫੀ ਬਦਲਾਅ ਦੇਖਣ ਨੂੰ ਮਿਲੇ ਹਨ। ਨਿਊਜ਼ੀਲੈਂਡ ਦੀ ਅਮੇਲੀਆ ਕੇਰ ਨੇ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੀ-20 ਵਿੱਚ 78 ਦੌੜਾਂ ਬਣਾ ਕੇ ਆਪਣੇ ਕਰੀਅਰ ਦੇ ਸਰਵੋਤਮ 694 ਰੇਟਿੰਗ ਅੰਕ ਹਾਸਲ ਕੀਤੇ। ਜੌਰਜੀਆ ਪਲਿਮਰ ਨੇ ਵੀ 63 ਦੌੜਾਂ ਦੀ ਪਾਰੀ ਖੇਡ ਕੇ 50ਵੇਂ ਸਥਾਨ ਤੋਂ 41ਵੇਂ ਸਥਾਨ 'ਤੇ ਪਹੁੰਚਣ ਵਿੱਚ ਸਫਲਤਾ ਹਾਸਲ ਕੀਤੀ। ਗੇਂਦਬਾਜ਼ੀ ਵਿੱਚ ਜੇਸ ਕੇਰ (23ਵਾਂ ਸਥਾਨ) ਅਤੇ ਸੋਫੀ ਡਿਵਾਈਨ (79ਵਾਂ ਸਥਾਨ) ਨੇ ਵੀ ਆਪਣੀ ਰੈਂਕਿੰਗ ਵਿੱਚ ਸੁਧਾਰ ਕੀਤਾ ਹੈ।
ਮੈਚਾਂ ਦੇ ਨਤੀਜੇ: ਨਿਊਜ਼ੀਲੈਂਡ ਦੀਆਂ ਜਿੱਤਾਂ
ਨਿਊਜ਼ੀਲੈਂਡ ਨੇ ਜ਼ਿੰਬਾਬਵੇ ਵਿਰੁੱਧ ਵਨਡੇਅ ਲੜੀ 3-0 ਨਾਲ ਜਿੱਤ ਕੇ ਕਲੀਨ ਸਵੀਪ ਕੀਤਾ ਹੈ। ਦੂਜੇ ਪਾਸੇ, ਦੱਖਣੀ ਅਫਰੀਕਾ ਵਿਰੁੱਧ ਪੰਜ ਮੈਚਾਂ ਦੀ ਟੀ-20 ਲੜੀ ਵਿੱਚ ਨਿਊਜ਼ੀਲੈਂਡ ਨੇ ਪਹਿਲਾ ਮੈਚ 80 ਦੌੜਾਂ ਨਾਲ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ, ਹਾਲਾਂਕਿ ਦੂਜੇ ਮੈਚ ਵਿੱਚ ਦੱਖਣੀ ਅਫਰੀਕਾ ਨੇ ਵਾਪਸੀ ਕਰਦਿਆਂ ਜਿੱਤ ਦਰਜ ਕੀਤੀ ਹੈ। ਹੁਣ ਦੋਵਾਂ ਟੀਮਾਂ ਵਿਚਾਲੇ ਤੀਜਾ ਮੈਚ ਸ਼ੁੱਕਰਵਾਰ ਨੂੰ ਆਕਲੈਂਡ ਵਿੱਚ ਖੇਡਿਆ ਜਾਵੇਗਾ।

