ICC Women's ODI Ranking: ਆਸਟਰੇਲੀਆ ਵਿਸ਼ਵ ਦੀ ਨੰਬਰ ਇਕ ਟੀਮ
ਇੰਗਲੈਂਡ ਦੇ ਭਾਰਤ ਨਾਲੋਂ ਜ਼ਿਆਦਾ ਅੰਕ; ਇੰਗਲੈਂਡ ਦੂਜੇ ਤੇ ਭਾਰਤ ਤੀਜੇ ਸਥਾਨ ’ਤੇ ਖਿਸਕਿਆ
ਆਈ.ਸੀ.ਸੀ. ਮਹਿਲਾ ਇਕ ਦਿਨਾ ਰੈਂਕਿੰਗ ਵਿੱਚ ਇੰਗਲੈਂਡ ਦੀ ਟੀਮ ਨੇ ਭਾਰਤ ਦੇ ਮੁਕਾਬਲੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਹੁਣ ਇੰਗਲੈਂਡ 128 ਅੰਕਾਂ ਨਾਲ ਦੂਜੇ ਨੰਬਰ 'ਤੇ ਹੈ, ਜਦਕਿ ਮੌਜੂਦਾ ਵਿਸ਼ਵ ਚੈਂਪੀਅਨ ਭਾਰਤੀ ਟੀਮ 124 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਪਹਿਲਾਂ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਸਿਰਫ਼ ਇੱਕ ਅੰਕ ਦਾ ਫਰਕ ਸੀ, ਜੋ ਹੁਣ ਵਧ ਕੇ ਚਾਰ ਹੋ ਗਿਆ ਹੈ।
ਆਸਟਰੇਲੀਆ ਦੀ ਟੀਮ 163 ਅੰਕਾਂ ਨਾਲ ਹਾਲੇ ਵੀ ਦੁਨੀਆ ਦੀ ਨੰਬਰ ਇੱਕ ਟੀਮ ਬਣੀ ਹੋਈ ਹੈ, ਹਾਲਾਂਕਿ ਉਨ੍ਹਾਂ ਦੇ ਅੰਕਾਂ ਵਿੱਚ ਚਾਰ ਦੀ ਗਿਰਾਵਟ ਆਈ ਹੈ। ਭਾਰਤ ਨੇ ਪਿਛਲੇ ਸਾਲ ਦੱਖਣੀ ਅਫਰੀਕਾ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ ਪਰ ਉਸ ਤੋਂ ਬਾਅਦ ਆਸਟਰੇਲੀਆ ਹੱਥੋਂ 0-3 ਦੀ ਸੀਰੀਜ਼ ਹਾਰਨ ਕਾਰਨ ਭਾਰਤ ਦੇ ਅੰਕ 125 ਤੋਂ ਘਟ ਕੇ 124 ਰਹਿ ਗਏ ਹਨ।
ਰੈਂਕਿੰਗ ਵਿੱਚ ਦੱਖਣੀ ਅਫਰੀਕਾ ਚੌਥੇ, ਨਿਊਜ਼ੀਲੈਂਡ ਪੰਜਵੇਂ ਅਤੇ ਸ੍ਰੀਲੰਕਾ ਛੇਵੇਂ ਸਥਾਨ ’ਤੇ ਹੈ। ਸ੍ਰੀਲੰਕਾ ਨੇ ਛੇ ਅੰਕਾਂ ਦਾ ਫਾਇਦਾ ਲੈ ਕੇ ਨਿਊਜ਼ੀਲੈਂਡ ਨਾਲ ਆਪਣਾ ਫਰਕ ਘਟਾ ਲਿਆ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਦੀ ਟੀਮ ਪਾਕਿਸਤਾਨ ਨੂੰ ਪਛਾੜ ਕੇ ਸੱਤਵੇਂ ਸਥਾਨ 'ਤੇ ਪਹੁੰਚ ਗਈ ਹੈ।
ਥਾਈਲੈਂਡ ਅਤੇ ਨੈਦਰਜ਼ਲੈਂਡ ਦੀਆਂ ਟੀਮਾਂ ਫਿਲਹਾਲ ਰੈਂਕਿੰਗ ਸੂਚੀ ਵਿੱਚੋਂ ਬਾਹਰ ਹੋ ਗਈਆਂ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ ਲੋੜੀਂਦੇ ਅੱਠ ਇਕ ਦਿਨਾ ਮੈਚ ਨਹੀਂ ਖੇਡੇ ਹਨ। ਥਾਈਲੈਂਡ ਨੂੰ ਰੈਂਕਿੰਗ ਵਿੱਚ ਵਾਪਸੀ ਲਈ ਇੱਕ ਹੋਰ ਮੈਚ ਅਤੇ ਨੈਦਰਜ਼ਲੈਂਡ ਨੂੰ ਦੋ ਹੋਰ ਮੈਚ ਖੇਡਣ ਦੀ ਲੋੜ ਹੈ। ਭਾਰਤੀ ਟੀਮ ਲਈ ਹੁਣ ਅਗਲੇ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ਤਾਂ ਕਿ ਉਹ ਇੰਗਲੈਂਡ ਨੂੰ ਪਛਾੜ ਕੇ ਦੁਬਾਰਾ ਦੂਜੇ ਨੰਬਰ ’ਤੇ ਕਾਬਜ਼ ਹੋ ਸਕੇ। ਆਸਟਰੇਲੀਆ ਵਿਰੁੱਧ ਲਗਾਤਾਰ ਮਿਲੀ ਹਾਰ ਨੇ ਭਾਰਤ ਦੇ ਰੈਂਕਿੰਗ ਅੰਕਾਂ 'ਤੇ ਕਾਫੀ ਅਸਰ ਪਾਇਆ ਹੈ।
ਇਸ ਵਾਰ ਦੀ ਰੈਂਕਿੰਗ ਵਿੱਚ ਸ੍ਰੀਲੰਕਾ ਅਤੇ ਬੰਗਲਾਦੇਸ਼ ਵਰਗੀਆਂ ਏਸ਼ਿਆਈ ਟੀਮਾਂ ਨੇ ਕਾਫੀ ਸੁਧਾਰ ਕੀਤਾ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਮਹਿਲਾ ਕ੍ਰਿਕਟ ਵਿੱਚ ਮੁਕਾਬਲਾ ਹੋਰ ਵੀ ਸਖ਼ਤ ਹੋਣ ਦੀ ਉਮੀਦ ਹੈ।

