ਬੰਗਲਾਦੇਸ਼ ਕ੍ਰਿਕਟ ਬੋਰਡ (ਬੀ ਸੀ ਬੀ) ਵੱਲੋਂ ਟੀ-20 ਵਿਸ਼ਵ ਕੱਪ ਦੇ ਮੈਚ ਭਾਰਤ ਤੋਂ ਬਾਹਰ ਕਰਾਉਣ ਦੀ ਮੰਗ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ ਸੀ ਸੀ) ਨੇ ਅੱਜ ਰੱਦ ਕਰ ਦਿੱਤੀ ਹੈ। ਆਈ ਸੀ ਸੀ ਨੇ ਕਿਹਾ ਕਿ ਟੀ-20 ਵਿਸ਼ਵ ਕੱਪ ਦੇ ਮੈਚ ਮਿੱਥੇ ਸਮੇਂ ਅਤੇ ਸਥਾਨ ’ਤੇ ਹੀ ਹੋਣਗੇ ਕਿਉਂਕਿ ਬੰਗਲਾਦੇਸ਼ੀ ਖਿਡਾਰੀਆਂ, ਅਧਿਕਾਰੀਆਂ ਜਾਂ ਪ੍ਰਸ਼ੰਸਕਾਂ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਦੇ ਕਿਸੇ ਵੀ ਸਟੇਡੀਅਮ ਤੋਂ ਖ਼ਤਰੇ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਆਈ ਸੀ ਸੀ ਬੋਰਡ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ। ਬੀ ਸੀ ਬੀ ਨੇ ਹਾਲਾਤ ਸਾਜ਼ਗਾਰ ਨਾ ਹੋਣ ਦੀ ਗੱਲ ਆਖ ਕੇ ਭਾਰਤ ’ਚ ਮੈਚ ਖੇਡਣ ਤੋਂ ਇਨਕਾਰ ਕਰਦਿਆਂ ਕਿਸੇ ਹੋਰ ਮੁਲਕ ’ਚ ਬੰਗਲਾਦੇਸ਼ ਦੇ ਮੈਚ ਕਰਾਉਣ ਦੀ ਮੰਗ ਕੀਤੀ ਸੀ।
ਪੀ ਸੀ ਬੀ ਵੱਲੋਂ ਬੰਗਲਾਦੇਸ਼ ਦੇ ਮੈਚਾਂ ਦੀ ਮੇਜ਼ਬਾਨੀ ਬਾਰੇ ਪੇਸ਼ਕਸ਼
ਕਰਾਚੀ: ਪਾਕਿਸਤਾਨ ਕ੍ਰਿਕਟ ਬੋਰਡ (ਪੀ ਸੀ ਬੀ) ਨੇ ਸੁਰੱਖਿਆ ਕਾਰਨਾਂ ਕਰ ਕੇ ਭਾਰਤ ਵਿੱਚ ਟੀ-20 ਵਿਸ਼ਵ ਕੱਪ ਖੇਡਣ ਤੋਂ ਬੰਗਲਾਦੇਸ਼ ਵੱਲੋਂ ਕੀਤੇ ਇਨਕਾਰ ਦਾ ਸਮਰਥਨ ਕੀਤਾ ਹੈ। ਪੀ ਸੀ ਬੀ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਨੂੰ ਪੱਤਰ ਭੇਜ ਕੇ ਬੰਗਲਾਦੇਸ਼ ਦੇ ਮੈਚਾਂ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਵੀ ਕੀਤੀ ਹੈ। ਦੱਸਣਾ ਬਣਦਾ ਹੈ ਕਿ ਆਈ ਸੀ ਸੀ ਬੋਰਡ ਦੀ ਮੀਟਿੰਗ ਬੁੱਧਵਾਰ ਨੂੰ ਹੋਣੀ ਹੈ, ਜਿਸ ਵਿੱਚ ਟੀ-20 ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਦੀ ਸ਼ਮੂਲੀਅਤ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ। ਬੰਗਲਾਦੇਸ਼ ਨੇ ਚਾਰ ਮੈਚ ਭਾਰਤ ਵਿੱਚ ਖੇਡਣੇ ਹਨ, ਹਾਲਾਂਕਿ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਆਪਣੀ ਸਰਕਾਰ ਦੇ ਸਮਰਥਨ ਨਾਲ ਭਾਰਤ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਆਪਣੇ ਮੈਚ ਸ੍ਰੀਲੰਕਾ ਵਿੱਚ ਕਰਵਾਉਣ ਦੀ ਮੰਗ ਕੀਤੀ ਹੈ।

