ਆਈ ਸੀ ਸੀ ਮੀਟਿੰਗ: ਭਾਰਤ-ਪਾਕਿ ਕ੍ਰਿਕਟ ਬੋਰਡਾਂ ਵਿਚਾਲੇ ਟਕਰਾਅ ਦਾ ਖ਼ਦਸ਼ਾ
ਬੀ ਸੀ ਸੀ ਆਈ ਅਤੇ ਏ ਸੀ ਸੀ ਦੇ ਹੋਰ ਮੁਲਕਾਂ ਨੂੰ ਭੇਜੇ ਜਵਾਬ ’ਚ ਨਕਵੀ ਨੇ ਆਖਿਆ ਕਿ ਉਹ 10 ਨਵੰਬਰ ਨੂੰ ਦੁਬਈ ’ਚ ਸਮਾਗਮ ਕਰਨਾ ਚਾਹੁੰਦੇ ਹਨ, ਬੀ ਸੀ ਸੀ ਆਈ ਦਾ ਕੋਈ ਨੁਮਾਇੰਦਾ ਤੇ ਭਾਰਤੀ ਟੀਮ ਤੋਂ ਕੋਈ ਵੀ ਖਿਡਾਰੀ ਉਨ੍ਹਾਂ ਤੋਂ ਟਰਾਫੀ ਲੈ ਸਕਦਾ ਹੈ। ਨਕਵੀ ਦਾ ਇਹ ਜਵਾਬ ਬੀ ਸੀ ਸੀ ਆਈ ਵੱਲੋਂ ਏਸ਼ੀਆ ਕੱਪ ਟਰਾਫੀ ਵਿਵਾਦ ’ਤੇ ਏ ਸੀ ਸੀ ਨੂੰ ਪੱਤਰ ਨੂੰ ਲਿਖਣ ਤੋਂ ਬਾਅਦ ਆਇਆ ਹੈ। ਇਸ ਟਿੱਪਣੀ ਤੋਂ ਬੀ ਸੀ ਸੀ ਆਈ ਅਤੇ ਪੀ ਸੀ ਬੀ ਦਰਮਿਆਨ ਬੇਭਰੋਸਗੀ ਤੇ ਤਣਾਅ ਦਾ ਪਤਾ ਲੱਗਦਾ ਹੈ।
ਨਕਵੀ ਨੇ ਆਪਣੇ ਜਵਾਬ ’ਚ ਲਿਖਿਆ, ‘‘ਏ ਸੀ ਸੀ ਟਰਾਫੀ ਸਹੀ ਮਾਇਨਿਆਂ ’ਚ ਭਾਰਤੀ ਕ੍ਰਿਕਟ ਟੀਮ ਦੀ ਹੈ ਤੇ ਇਹ ਉਦੋਂ ਤੱਕ ਏ ਸੀ ਸੀ ਹੈੱਡਕੁਆਰਟਰ ’ਚ ਰਹੇਗੀ, ਜਦੋਂ ਤੱਕ ਬੀ ਸੀ ਸੀ ਆਈ ਦਾ ਕੋਈ ਅਹੁਦੇਦਾਰ ਟੂਰਨਾਮੈਂਟ ’ਚ ਹਿੱਸਾ ਬਣੇ ਕਿਸੇ ਵੀ ਖਿਡਾਰੀ ਨਾਲ ਏ ਸੀ ਸੀ ਚੇਅਰਮੈਨ ਤੋਂ ਪ੍ਰਾਪਤ ਨਹੀਂ ਕਰ ਲੈਂਦਾ।’’
ਪੀ ਸੀ ਬੀ ਵੱਲੋਂ ਡੋਜ਼ੀਅਰ ਤਿਆਰ ਕਰਨ ਦਾ ਨਿਰਦੇਸ਼
ਪਾਕਿਸਤਾਨ ਕ੍ਰਿਕਟ ਬੋਰਡ ਦੇ ਭਰੋਸੇਯੋਗ ਸੂਤਰ ਨੇ ਦੱਸਿਆ ਕਿ ਬੋਰਡ ਦੇ ਕਾਨੂੰਨੀ ਵਿਭਾਗ ਨੂੰ ਡੋਜ਼ੀਅਰ ਤਿਆਰ ਕਰਨ ਦਾ ਨਿਰਦੇਸ਼ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਜੇਕਰ ਬੀ ਸੀ ਸੀ ਆਈ ਦੇ ਅਹੁਦੇਦਾਰ ਆਈ ਸੀ ਸੀ ਬੋਰਡ ਦੀ ਮੀਟਿੰਗ ’ਚ ਮੋਹਸਿਨ ਨਕਵੀ ਦੀ ਨਿਖੇਧੀ ਦੀ ਕੋਸ਼ਿਸ਼ ਕਰਨ ਤਾਂ ਉਨ੍ਹਾਂ ਨੂੰ ਇਸ ਜਵਾਬ ਦਿੱਤਾ ਜਾ ਸਕੇ।
