DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਿਤਾ ਦੀਆਂ ਕੁਰਬਾਨੀਆਂ ਨੇ ਕਿਵੇਂ ਘੜਿਆ ਸਭ ਤੋਂ ਤੇਜ਼ ਦੌੜਾਕ Gurindervir Singh

ਸ਼ਾਨਦਾਰ ਦੌੜ ਦੇ ਪਿੱਛੇ ਕੁਰਬਾਨੀ, ਸੰਘਰਸ਼ ਅਤੇ ਪਿਤਾ ਦੇ ਅਟੁੱਟ ਵਿਸ਼ਵਾਸ ਦੀ ਕਹਾਣੀ

  • fb
  • twitter
  • whatsapp
  • whatsapp
featured-img featured-img
ਸਿਖਲਾਈ ਦੌਰਾਨ ਗੁਰਿੰਦਰਵੀਰ ਸਿੰਘ ਆਪਣੇ ਕੋਚ ਨਾਲ।
Advertisement

ਗੁਰਿੰਦਰਵੀਰ ਸਿੰਘ ਨੇ ਜਦੋਂ 10.09 ਸਕਿੰਟ ਦਾ ਸ਼ਾਨਦਾਰ ਸਮਾਂ ਕੱਢ ਕੇ ਪੁਰਸ਼ਾਂ ਦੀ 100 ਮੀਟਰ ਦੌੜ ਪੂਰੀ ਕੀਤੀ ਅਤੇ ਨਵਾਂ ਕੌਮੀ ਰਿਕਾਰਡ ਬਣਾਇਆ, ਤਾਂ ਪੂਰੇ ਦੇਸ਼ ਨੇ ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਦੇ ਜਨਮ ਦਾ ਜਸ਼ਨ ਮਨਾਇਆ ਪਰ ਇਸ ਸ਼ਾਨਦਾਰ ਦੌੜ ਦੇ ਪਿੱਛੇ ਕੁਰਬਾਨੀ, ਸੰਘਰਸ਼ ਅਤੇ ਪਿਤਾ ਦੇ ਅਟੁੱਟ ਵਿਸ਼ਵਾਸ ਦੀ ਕਹਾਣੀ ਛੁਪੀ ਹੋਈ ਹੈ।

ਸੇਵਾਮੁਕਤ ਸਹਾਇਕ ਸਬ ਇੰਸਪੈਕਟਰ ਅਤੇ ਵਾਲੀਬਾਲ ਦੇ ਸਾਬਕਾ ਖਿਡਾਰੀ ਕਮਲਜੀਤ ਸਿੰਘ ਲਈ ਸ਼ਨਿਚਰਵਾਰ ਦਾ ਇਹ ਇਤਿਹਾਸਕ ਪਲ ਸਿਰਫ਼ ਰਿਕਾਰਡ ਨਹੀਂ ਸੀ, ਬਲਕਿ ਇਹ ਸਾਲਾਂ ਦੀਆਂ ਖਾਮੋਸ਼ ਕੁਰਬਾਨੀਆਂ ਦਾ ਫਲ ਸੀ। ਕਮਲਜੀਤ ਨੇ ਬੜੇ ਮਾਣ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਦੱਸਿਆ, ‘‘ਬੜੀ ਜਲਦੀ ਉਸ ਨੇ ਮੇਰੇ ਜਿੰਨੀ ਰਫ਼ਤਾਰ ਫੜ ਲਈ, ਬਹੁਤ ਫੁਰਤੀਲਾ ਸੀ।’’ ਉਨ੍ਹਾਂ ਨੂੰ ਉਹ ਪਹਿਲੀ ਵਾਰ ਯਾਦ ਆਈ, ਜਦੋਂ ਉਹ ਛੋਟੀ ਉਮਰ ਦੇ ਗੁਰਿੰਦਰਵੀਰ ਨੂੰ ਮੈਦਾਨ ਵਿੱਚ ਲੈ ਕੇ ਗਏ ਸਨ ਅਤੇ ਉਨ੍ਹਾਂ ਨੇ ਉਸ ਦੀ ਰਫ਼ਤਾਰ ਵਿੱਚ ਕੁਝ ਅਸਾਧਾਰਨ ਦੇਖਿਆ ਸੀ। ਅੱਜ, ਉਨ੍ਹਾਂ ਦਾ ਫੋਨ ਲਗਾਤਾਰ ਵੱਜ ਰਿਹਾ ਹੈ। ਦੋਸਤ, ਰਿਸ਼ਤੇਦਾਰ ਅਤੇ ਸ਼ੁਭਚਿੰਤਕ ਉਸ ਪਿਤਾ ਨੂੰ ਵਧਾਈਆਂ ਦੇਣ ਲਈ ਫੋਨ ਕਰ ਰਹੇ ਹਨ, ਜਿਸ ਦੇ ਪੁੱਤਰ ਨੇ ਦੌੜ ਕੇ ਭਾਰਤੀ ਐਥਲੈਟਿਕਸ ਦੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ; ਹਾਲਾਂਕਿ ਇਹ ਸਫ਼ਰ ਕਦੇ ਵੀ ਆਸਾਨ ਨਹੀਂ ਸੀ। ਜਦੋਂ ਗੁਰਿੰਦਰਵੀਰ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ, ਤਾਂ ਉਸ ਦੇ ਪਹਿਲੇ ਕੋਚ ਸਰਵਣ ਸਿੰਘ ਨੇ ਪੂਰੇ ਭਰੋਸੇ ਨਾਲ ਕਮਲਜੀਤ ਨੂੰ ਕਿਹਾ ਸੀ, ‘‘ਇਹ ਮੁੰਡਾ ਭਾਰਤ ਦਾ ਚੋਟੀ ਦਾ ਖਿਡਾਰੀ ਬਣੇਗਾ।’’ ਉਹ ਸ਼ਬਦ ਪਿਤਾ ਦੇ ਦਿਲ ਵਿੱਚ ਘਰ ਕਰ ਗਏ। ਕਮਲਜੀਤ ਇਸ ਸਫ਼ਲਤਾ ਦਾ ਸਿਹਰਾ ਉਨ੍ਹਾਂ ਕੋਚਾਂ ਨੂੰ ਵੀ ਦਿੰਦੇ ਹਨ ਜੋ ਮੁਸ਼ਕਲ ਸਾਲਾਂ ਦੌਰਾਨ ਦੇਸ਼ ਦੇ ਸਭ ਤੋਂ ਤੇਜ਼ ਦੌੜਾਕ ਦੇ ਨਾਲ ਚੱਟਾਨ ਵਾਂਗ ਖੜ੍ਹੇ ਰਹੇ, ਖ਼ਾਸ ਕਰ ਕੇ ਜਲੰਧਰ ਆਰਟਸ ਐਂਡ ਸਪੋਰਟਸ ਕਾਲਜ ਦੇ ਕੋਚ ਸਰਬਜੀਤ ਸਿੰਘ ਹੈਪੀ। ਕਮਲਜੀਤ ਨੇ ਦੱਸਿਆ, ‘‘ਕੋਚਾਂ ਨੇ ਮੈਨੂੰ ਕਿਹਾ ਸੀ ਕਿ ਜੇ ਮੈਂ ਉਸ ਨੂੰ ਖਿਡਾਰੀ ਬਣਾਉਣਾ ਚਾਹੁੰਦਾ ਹਾਂ ਤਾਂ ਮੈਨੂੰ ਪੈਸੇ ਖਰਚਣੇ ਪੈਣਗੇ। ਮੈਂ ਆਪਣੀ ਹੈਸੀਅਤ ਤੋਂ ਬਾਹਰ ਜਾ ਕੇ ਵੀ, ਕੁਝ ਵੀ ਕਰਨ ਲਈ ਤਿਆਰ ਸੀ।’’ ਛੋਟੀ ਉਮਰ ਵਿੱਚ ਗੁਰਿੰਦਰਵੀਰ ਰੋਜ਼ਾਨਾ ਸਿਖਲਾਈ ਲਈ ਬੱਸ ਰਾਹੀਂ ਕਈ-ਕਈ ਘੰਟੇ ਲੰਮਾ ਸਫ਼ਰ ਤੈਅ ਕਰਦਾ ਸੀ ਅਤੇ ਸ਼ਾਮ ਨੂੰ ਬਹੁਤ ਥੱਕ ਕੇ ਘਰ ਮੁੜਦਾ ਸੀ। ਜਦੋਂ ਉਸ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਸ ਨੂੰ ਆਰਾਮ ਕਰਨ ਦਾ ਸਮਾਂ ਨਹੀਂ ਮਿਲ ਰਿਹਾ, ਤਾਂ ਕਮਲਜੀਤ ਨੇ ਉਸ ਨੂੰ 5,000 ਰੁਪਏ ਵਿੱਚ ਪੁਰਾਣਾ ਸਕੂਟਰ ਖਰੀਦ ਕੇ ਦਿੱਤਾ ਤਾਂ ਜੋ ਉਸ ਦਾ ਸਮਾਂ ਬਚੇ ਅਤੇ ਉਹ ਚੰਗੀ ਤਰ੍ਹਾਂ ਆਰਾਮ ਕਰ ਸਕੇ। ਬਾਅਦ ਵਿੱਚ, ਜਦੋਂ ਉਹ ਪੁਰਾਣਾ ਸਕੂਟਰ ਖ਼ਰਾਬ ਹੋਣ ਲੱਗਾ ਤਾਂ ਆਰਥਿਕ ਤੰਗੀ ਦੇ ਬਾਵਜੂਦ ਕਮਲਜੀਤ ਨੇ ਕਿਸ਼ਤਾਂ ’ਤੇ ਨਵਾਂ ਸਕੂਟਰ ਖਰੀਦਿਆ, ਤਾਂ ਜੋ ਉਨ੍ਹਾਂ ਦੇ ਪੁੱਤਰ ਦੀ ਸਿਖਲਾਈ ’ਚ ਕੋਈ ਅੜਿੱਕਾ ਨਾ ਆਵੇ। ਕੁਰਬਾਨੀਆਂ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ। ਗੁਰਿੰਦਰਵੀਰ ਨੂੰ ਬਿਹਤਰ ਕੋਚਿੰਗ ਅਤੇ ਸਿਖਲਾਈ ਦੀਆਂ ਸਹੂਲਤਾਂ ਦੇਣ ਲਈ ਇਹ ਪਰਿਵਾਰ ਭੋਗਪੁਰ ਨੇੜਲੇ ਆਪਣੇ ਪਿੰਡ ਨੂੰ ਛੱਡ ਕੇ ਜਲੰਧਰ ਆ ਗਿਆ। ਕਮਲਜੀਤ ਨੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਦਾ ਪੁੱਤਰ ਬਿਨਾ ਕਿਸੇ ਤਕਲੀਫ ਦੇ ਇੱਕ ਵਧੀਆ ਕਮਰੇ ਵਿੱਚ ਰਹੇ।

Advertisement

ਮੁੱਖ ਮੰਤਰੀ ਤੇ ਜਥੇਦਾਰ ਨੇ ਵਧਾਈ ਦਿੱਤੀ

Advertisement

ਜਲੰਧਰ/ਅੰਮ੍ਰਿਤਸਰ (ਹਤਿੰਦਰ ਮਹਿਤਾ/ਜਗਤਾਰ ਸਿੰਘ ਲਾਂਬਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 100 ਮੀਟਰ ਦੌੜ ਵਿੱਚ ਨਵਾਂ ਕੌਮੀ ਰਿਕਾਰਡ ਬਣਾਉਣ ਲਈ ਜਲੰਧਰ ਦੇ ਨੌਜਵਾਨ ਦੌੜਾਕ ਗੁਰਿੰਦਰਵੀਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੰਦਿਆਂ ਉਸ ਦੀ ਪ੍ਰਾਪਤੀ ਨੂੰ ਪੂਰੇ ਸੂਬੇ ਅਤੇ ਦੇਸ਼ ਲਈ ਮਾਣ ਵਾਲੀ ਗੱਲ ਦੱਸਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਪੁੱਤਰ ਨੇ ਆਪਣੀ ਮਿਹਨਤ ਅਤੇ ਪ੍ਰਤਿਭਾ ਨਾਲ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਗੁਰਿੰਦਰਵੀਰ ਸਿੰਘ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਨੌਜਵਾਨ ਖੇਡਾਂ ਵਿੱਚ ਦੇਸ਼ ਦੀ ਅਗਵਾਈ ਕਰ ਸਕਦੇ ਹਨ। ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਗੁਰਿੰਦਰਵੀਰ ਸਿੰਘ ਨੂੰ ਵਧਾਈ ਦਿੱਤੀ ਹੈ।

Advertisement
×