Hockey World Cup 2026: ਪਿੰਡ ਸੰਤਨਗਰ ਦੇ Rajinder Singh ਦੀ ਭਾਰਤੀ ਟੀਮ ਲਈ ਚੋਣ
ਸੰਤਨਗਰ ਦਾ ਖਿਡਾਰੀ ਆਗਾਮੀ ਆਲਮੀ ਕੱਪ ਵਿੱਚ ਖੇਡੇਗਾ
ਹਾਕੀ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਸੰਤਨਗਰ ਦੇ ਹਾਕੀ ਖਿਡਾਰੀ ਰਾਜਿੰਦਰ ਸਿੰਘ ਨੂੰ ਭਾਰਤੀ ਹਾਕੀ ਟੀਮ ਲਈ ਚੁਣਿਆ ਗਿਆ ਹੈ। ਉਹ ਅਗਸਤ 2026 ਵਿੱਚ ਆਲਮੀ ਹਾਕੀ ਕੱਪ ਵਿੱਚ ਦੇਸ਼ ਦੀ ਨੁਮਾਇੰਦਗੀ ਕਰੇਗਾ। ਇਸ ਸਮੇਂ ਰਾਜਿੰਦਰ ਸਿੰਘ ਬੰਗਲੂਰੂ ਵਿੱਚ ਸਿਖਲਾਈ ਕੈਂਪ ਵਿੱਚ ਹੈ ਅਤੇ ਉੱਥੇ ਤਿਆਰੀ ਕਰ ਰਿਹਾ ਹੈ। ਉਸ ਦੀ ਚੋਣ ਦੀ ਖਬਰ ’ਤੇ ਉਸ ਦੇ ਪਿੰਡ ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਰਾਜਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਰਾਜਿੰਦਰ ਨੂੰ ਬਚਪਨ ਤੋਂ ਹੀ ਹਾਕੀ ਦਾ ਜਨੂੰਨ ਸੀ। ਉਹ ਅਕਸਰ ਆਖਦਾ ਸੀ ਕਿ ਉਹ ਵੱਡਾ ਹੋ ਕੇ ਵਧੀਆ ਹਾਕੀ ਖਿਡਾਰੀ ਬਣੇਗਾ। ਅੱਜ ਰਾਜਿੰਦਰ ਦਾ ਸੁਪਨਾ ਭਾਰਤੀ ਹਾਕੀ ਟੀਮ ਵਿੱਚ ਉਸ ਦੀ ਚੋਣ ਨਾਲ ਪੂਰਾ ਹੋ ਰਿਹਾ ਹੈ। ਕੋਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਰਾਜਿੰਦਰ ਸਿੰਘ ਨੇ 2009 ਵਿੱਚ ਹਾਕੀ ਖੇਡਣਾ ਸ਼ੁਰੂ ਕੀਤਾ ਸੀ ਅਤੇ ਸ਼ੁਰੂ ਤੋਂ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਆਧਾਰ ’ਤੇ ਉਸ ਨੂੰ ਭਾਰਤੀ ਹਾਕੀ ਟੀਮ ਲਈ ਚੁਣਿਆ ਗਿਆ ਹੈ ਅਤੇ ਉਹ ਨੈਦਰਲੈਂਡਜ਼ ਤੇ ਬੈਲਜੀਅਮ ਵਿੱਚ ਹੋਣ ਵਾਲੇ ਹਾਕੀ ਆਲਮੀ ਕੱਪ 2026 ਵਿੱਚ ਦੇਸ਼ ਦੀ ਨੁਮਾਇੰਦਗੀ ਕਰੇਗਾ। ਇਹ ਮੈਚ 14 ਅਗਸਤ ਤੋਂ 30 ਅਗਸਤ ਤੱਕ ਚੱਲਣਗੇ।
ਟੀਮ ਵਿੱਚ ਰਾਜਿੰਦਰ ਸਿੰਘ ਮਿਡਫੀਲਡਰ ਵਜੋਂ ਖੇਡੇਗਾ। 24 ਸਾਲਾ ਰਾਜਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਖੇਤੀਬਾੜੀ ਕਰਦੇ ਹਨ ਅਤੇ ਮਾਤਾ ਅਮਨਦੀਪ ਕੌਰ ਘਰੇਲੂ ਔਰਤ ਹੈ। ਰਾਜਿੰਦਰ ਸਿੰਘ ਪਹਿਲਾਂ ਏਸ਼ੀਆ ਕੱਪ ਖੇਡ ਚੁੱਕਾ ਹੈ। ਇਸ ਤੋਂ ਇਲਾਵਾ ਉਹ ਲੀਗ ਵਿੱਚ ਤੂਫਾਨ ਟੀਮ (ਹੈਦਰਾਬਾਦ ) ਲਈ ਖੇਡਿਆ ਸੀ ਅਤੇ ਲਗਪਗ ਤਿੰਨ-ਚਾਰ ਕੌਮੀ ਕੱਪ ਵੀ ਖੇਡਿਆ ਹੈ।

