Hockey: India ਪਾਕਿਸਤਾਨ ਨੂੰ ਹਰਾ ਕੇ Final ’ਚ
ਅਭਿਸ਼ੇਕ ਦੇ ਆਖ਼ਰੀ ਮਿੰਟ ਦੇ ਗੋਲ ਦੀ ਬਦੌਲਤ 4-3 ਦੀ ਜਿੱਤ ਦਰਜ ਕੀਤੀ
ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਹਾਕੀ ਦੇ ਸੈਮੀ ਫਾਈਨਲ ਮੈਚ ਵਿੱਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਰੋਮਾਂਚਕ ਮੁਕਾਬਲੇ ਵਿੱਚ 4-3 ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾ ਲਈ ਹੈ। ਇਸ ਤੋਂ ਪਹਿਲਾਂ ਉਦੋਂ ਇਕ ਵੱਡਾ ਖ਼ਤਰਾ ਟਲ ਗਿਆ ਜਦੋਂ ਮੈਚ ਖ਼ਤਮ ਹੋਣ ਤੋਂ ਮਹਿਜ਼ 45 ਸਕਿੰਟ ਪਹਿਲਾਂ ਅਭਿਸ਼ੇਕ ਨੇ ਜੇਤੂ ਗੋਲ ਦਾਗ਼ ਕੇ ਟੀਮ ਨੂੰ ਫਾਈਨਲ ਵਿੱਚ ਪਹੁੰਚਾ ਦਿੱਤਾ।
ਕਪਤਾਨ ਹਰਮਨਪ੍ਰੀਤ ਸਿੰਘ ਨੇ 5ਵੇਂ ਅਤੇ 13ਵੇਂ ਮਿੰਟ ਵਿੱਚ ਪੈਨਲਟੀ ਕਾਰਨਰਾਂ ਨੂੰ ਸ਼ਾਨਦਾਰ ਤਰੀਕੇ ਨਾਲ ਗੋਲਾਂ ਵਿੱਚ ਬਦਲਿਆ, ਜਦੋਂ ਕਿ ਸੁਖਜੀਤ ਸਿੰਘ ਨੇ 23ਵੇਂ ਮਿੰਟ ਵਿੱਚ ਇੱਕ ਫੀਲਡ ਗੋਲ ਕੀਤਾ। ਅਭਿਸ਼ੇਕ ਨੇ ਮੈਚ ਦੇ ਆਖ਼ਰੀ ਮਿੰਟ ਵਿੱਚ ਫੀਲਡ ਪਲੇਅ ਰਾਹੀਂ ਭਾਰਤ ਵਾਸਤੇ ਜੇਤੂ ਗੋਲ ਕੀਤਾ। ਪਾਕਿਸਤਾਨ ਵੱਲੋਂ ਅਬੂ ਮਹਿਮੂਦ (30ਵਾਂ ਮਿੰਟ), ਹਾਨਨ ਸ਼ਾਹਿਦ (45ਵਾਂ ਮਿੰਟ) ਅਤੇ ਵਹੀਦ ਰਾਣਾ (49ਵਾਂ ਮਿੰਟ) ਨੇ ਗੋਲ ਕੀਤੇ।
ਕਪਤਾਨ ਹਰਮਨਪ੍ਰੀਤ ਦੇ ਦੋ ਗੋਲਾਂ ਅਤੇ ਸੁਖਜੀਤ ਸਿੰਘ ਦੇ ਫੀਲਡ ਗੋਲ ਦੀ ਬਦੌਲਤ ਮੌਜੂਦਾ ਚੈਂਪੀਅਨ ਭਾਰਤੀ ਟੀਮ ਆਸਾਨੀ ਨਾਲ ਸੈਮੀ ਫਾਈਨਲ ਜਿੱਤਦੀ ਨਜ਼ਰ ਆ ਰਹੀ ਸੀ ਪਰ ਦੂਜੇ ਅੱਧ ਤੋਂ ਬਾਅਦ ਆਏ ਹੈਰਾਨੀਜਨਕ ਨਿਘਾਰ ਕਾਰਨ ਪਾਕਿਸਤਾਨ ਨੇ ਵਾਪਸੀ ਕੀਤੀ ਅਤੇ ਤਿੰਨ ਗੋਲ ਕਰ ਕੇ ਭਾਰਤ ਨੂੰ ਨਮੋਸ਼ੀ ਭਰੀ ਹਾਰ ਦੇ ਕੰਢੇ ਤੱਕ ਪਹੁੰਚਾ ਦਿੱਤਾ। ਉਪਰੰਤ ਅਭਿਸ਼ੇਕ ਦੇ ਆਖ਼ਰੀ ਮਿੰਟ ਦੇ ਗੋਲ ਨੇ ਟੀਮ ਨੂੰ ਬਚਾ ਲਿਆ। ਪਹਿਲੇ ਅੱਧ ਵਿੱਚ ਦਬਦਬਾ ਬਣਾਉਣ ਵਾਲਾ ਭਾਰਤ ਅੱਧੇ ਸਮੇਂ ਤੋਂ ਬਾਅਦ ਅਚਾਨਕ ਬੈਕਫੁੱਟ ’ਤੇ ਆ ਗਿਆ, ਮਿਡਫੀਲਡ ਦਾ ਕੰਟਰੋਲ ਛੱਡ ਦਿੱਤਾ ਅਤੇ ਪਾਕਿਸਤਾਨੀ ਨੌਜਵਾਨ ਫਾਰਵਰਡਾਂ ਨੂੰ ਮੈਚ ਦੀ ਗਤੀ ਤੈਅ ਕਰਨ ਦਿੱਤੀ। ਹਿਫ਼ਾਜ਼ਤੀ ਕਤਾਰ ’ਤੇ ਲਗਾਤਾਰ ਦਬਾਅ ਅਤੇ ਹਮਲਾਵਰ ਰੁਖ਼ ਕਮਜ਼ੋਰ ਹੋਣ ਕਾਰਨ ਭਾਰਤੀ ਖਿਡਾਰੀ ਆਪਣੀ ਲੀਡ ਬਚਾਉਣ ਲਈ ਸੰਘਰਸ਼ ਕਰਦੇ ਨਜ਼ਰ ਆਏ।

