ਭਾਰਤ ਦੇ ਸਟਾਰ ਮਿਡਫੀਲਡਰ ਹਾਰਦਿਕ ਸਿੰਘ, ਫਾਰਵਰਡ ਸੁਖਜੀਤ ਸਿੰਘ ਤੇ ਅਭਿਸ਼ੇਕ ਅਤੇ ਡਿਫੈਂਡਰ ਸੰਜੇ ਇਸ ਸਾਲ ਦੇ ਹਾਕੀ ਇੰਡੀਆ ਬਲਬੀਰ ਸਿੰਘ ਸੀਨੀਅਰ ‘ਪਲੇਅਰ ਆਫ ਦਿ ਯੀਅਰ ਐਵਾਰਡ’ ਦੀ ਦੌੜ ’ਚ ਸ਼ਾਮਲ ਹਨ। ਮਹਿਲਾ ਵਰਗ ਵਿਚ ਸਲੀਮਾ ਟੇਟੇ, ਨਵਨੀਤ ਕੌਰ, ਲਾਲਰੇਮਸਿਆਮੀ ਤੇ ਸਵਿਤਾ ਪੂਨੀਆ ਨੂੰ ਨਾਮਜ਼ਦਗੀ ਮਿਲੀ ਹੈ।
ਇੱਥੇ ਸ਼ੁੱਕਰਵਾਰ ਨੂੰ ਹੋਣ ਵਾਲੇ ਹਾਕੀ ਇੰਡੀਆ ਪੁਰਸਕਾਰ ਸਮਾਰੋਹ ਵਿਚ ਉੱਭਰਦੇ ਖਿਡਾਰੀਆਂ (ਅੰਡਰ 21) ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਜੁਗਰਾਜ ਸਿੰਘ (ਅੰਡਰ-21 ਪੁਰਸ਼) ਤੇ ਅਸੁੰਤਾ ਲਾਕੜਾ (ਅੰਡਰ-21 ਮਹਿਲਾ) ‘ਅਪਕਮਿੰਗ ਪਲੇਅਰ ਆਫ ਦਿ ਯੀਅਰ’ ਪੁਰਸਕਾਰਾਂ ਨਾਲ ਨਿਵਾਜਿਆ ਜਾਵੇਗਾ। ਆਖਰੀ ਨਾਮਜ਼ਦਗੀਆਂ ਵਿਚ ਅੱਠ ਸ਼੍ਰੇਣੀਆਂ ਵਿਚੋਂ 32 ਖਿਡਾਰੀਆਂ ਨੂੰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਹਾਕੀ ਵਿਚ ਅਨਮੋਲ ਯੋਗਦਾਨ ਲਈ ਜਮਨ ਲਾਲ ਸ਼ਰਮਾ ਤੇ ਸ਼ਾਨਦਾਰ ਉਪਲਬਧੀ ਲਈ ‘ਪ੍ਰੈਜ਼ੀਡੈਂਟ’ਸ ਐਵਾਰਡ’ ਵੀ ਦਿੱਤਾ ਜਾਵੇਗਾ। ਅਧਿਕਾਰੀਆਂ ਦੇ ਵਰਗ ਵਿਚ ਸਾਲ ਦੇ ਸਰਵੋਤਮ ਅੰਪਾਇਰ/ਅੰਪਾਇਰ ਮੈਨੇਜਰ ਦਾ ਪੁਰਸਕਾਰ, ਸਾਲ ਦੇ ਸਭ ਤੋਂ ਵਧੀਆ ਤਕਨੀਕੀ ਅਧਿਕਾਰੀ ਦਾ ਪੁਰਸਕਾਰ ਵੀ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਏਸ਼ੀਆ ਕੱਪ ਵਿਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ਼ ਟੀਮ ਤੇ ਜੂਨੀਅਰ ਵਿਸ਼ਵ ਕੱਪ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਜੂਨੀਅਰ ਪੁਰਸ਼ ਟੀਮ ਦਾ ਵੀ ਸਨਮਾਨ ਕੀਤਾ ਜਾਵੇਗਾ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ ਕਿ ਭਾਰਤੀ ਹਾਕੀ ਲਈ ਇਹ ਮਹੱਤਵਪੂਰਨ ਸਾਲ ਰਿਹਾ ਹੈ।

