ਗੁਰੂ ਕਾਸ਼ੀ ਯੂਨੀਵਰਸਿਟੀ ਦੀ ਜੂਡੋਕਾ ਹਿਮਾਂਸ਼ੀ ਟੋਕਸ ਨੇ ਜੂਨੀਅਰ 63 ਕਿਲੋਗ੍ਰਾਮ ਭਾਰ ਵਰਗ ’ਚ ਵਿਸ਼ਵ ’ਚ ਪਹਿਲਾ ਰੈਂਕ ਹਾਸਲ ਕੀਤਾ ਹੈ। ਇਸ ਪ੍ਰਾਪਤੀ ਮਗਰੋਂ ਉਸ ਨੇ ਪੰਜਾਬ ਅਤੇ ਆਪਣੀ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਹਿਮਾਂਸ਼ੀ ਨੂੰ ਇਹ ਰੈਂਕ ਕਾਸਾਬਲਾਂਕਾ ਅਫਰੀਕਨ ਓਪਨ ਖੇਡਾਂ ਵਿੱਚ ਸੋਨ, ਤਾਈਪੇ ਜੂਨੀਅਰ ਏਸ਼ੀਅਨ ਕੱਪ ਵਿੱਚ ਸੋਨ ਅਤੇ ਜਕਾਰਤਾ ਵਿਖੇ ਹੋਈ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਸਾਲ 2025 ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ’ਤੇ ਮਿਲਿਆ ਹੈ।
ਇਸ ਪ੍ਰਾਪਤੀ ’ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕੁਲਪਤੀ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਹਿਮਾਂਸ਼ੀ ਨੇ ਦੁਨੀਆ ਵਿੱਚ ਪਹਿਲਾ ਸਥਾਨ ਹਾਸਲ ਕਰ ਕੇ ਇਤਿਹਾਸ ਰਚਿਆ ਹੈ।
ਖਿਡਾਰਨ ਨੇ ਇਸ ਪ੍ਰਾਪਤੀ ਦਾ ਸਿਹਰਾ ’ਵਰਸਿਟੀ ਦੇ ਉਪ ਕੁਲਪਤੀ, ਡਾਇਰੈਕਟਰ ਸਪੋਰਟਸ, ਕੋਚ ਸਾਹਿਬਾਨ ਅਤੇ ਸਮੂਹ ਖੇਡ ਸਟਾਫ ਨੂੰ ਦਿੱਤਾ ਹੈ। ਕੁਲਪਤੀ ਨੇ ਖੇਡ ਪੱਧਰ ਹੋਰ ਉੱਚਾ ਚੁੱਕਣ ਲਈ ਖਿਡਾਰੀਆਂ ਨੂੰ ਹੋਰ ਸਹੂਲਤਾਂ ਦੇਣ ਦੀ ਗੱਲ ਆਖੀ ਹੈ। ਉਪ ਕੁਲਪਤੀ ਪ੍ਰੋ. ਡਾ. ਰਾਮੇਸ਼ਵਰ ਸਿੰਘ ਨੇ ਖਿਡਾਰਨ ਦੀ ਇਸ ਪ੍ਰਾਪਤੀ ਨੂੰ ’ਵਰਸਿਟੀ ਦੇ ਖੇਡ ਇਤਿਹਾਸ ਦਾ ਸੁਨਿਹਰੀ ਪੰਨਾ ਦੱਸਿਆ।

