High Jumper ਸਰਵੇਸ਼ ਕੁਸ਼ਾਰੇ ਨੇ Diamond League ਵਿੱਚ ਇਤਿਹਾਸ ਰਚਿਆ
ਉੱਚੀ ਛਾਲ ਵਿੱਚ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ
ਭਾਰਤ ਦੇ ਕੌਮੀ ਰਿਕਾਰਡ ਹੋਲਡਰ ਉੱਚੀ ਛਾਲ ਦੇ ਐਥਲੀਟ ਸਰਵੇਸ਼ ਕੁਸ਼ਾਰੇ ਨੇ ਮੋਨਾਕੋ ਵਿੱਚ ਖੇਡੀ ਗਈ ਡਾਇਮੰਡ ਲੀਗ ਵਿੱਚ ਤੀਜਾ ਸਥਾਨ ਹਾਸਲ ਕਰ ਕੇ ਇਤਿਹਾਸ ਰਚ ਦਿੱਤਾ ਹੈ। ਉਹ ਇਸ ਵੱਕਾਰੀ ਮੁਕਾਬਲੇ ਵਿੱਚ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਹਾਈ ਜੰਪਰ ਬਣ ਗਿਆ ਹੈ। 31 ਸਾਲਾ ਕੁਸ਼ਾਰੇ ਨੇ 2.26 ਮੀਟਰ ਦੀ ਛਾਲ ਮਾਰ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਉਹ ਨੀਰਜ ਚੋਪੜਾ, ਮੁਰਲੀ ਸ੍ਰੀਸ਼ੰਕਰ ਅਤੇ ਵਿਕਾਸ ਗੌੜਾ ਤੋਂ ਬਾਅਦ ਡਾਇਮੰਡ ਲੀਗ ਦੇ ਸਿਖਰਲੇ ਤਿੰਨਾਂ ਵਿੱਚ ਥਾਂ ਬਣਾਉਣ ਵਾਲਾ ਚੌਥਾ ਭਾਰਤੀ ਬਣ ਗਿਆ ਹੈ।
ਯੂਕਰੇਨ ਦੇ ਓਲੇਹ ਦੋਰੋਸ਼ਚੁਕ ਨੇ 2.32 ਮੀਟਰ ਨਾਲ ਪਹਿਲਾ ਅਤੇ ਬਰਤਾਨੀਆ ਦੇ ਜੈਕ ਕਿਮਾਨੀ ਨੇ 2.30 ਮੀਟਰ ਨਾਲ ਦੂਜਾ ਸਥਾਨ ਹਾਸਲ ਕੀਤਾ। ਕੁਸ਼ਾਰੇ ਨੇ ਇਸ ਮੁਕਾਬਲੇ ਵਿੱਚ ਕਈ ਨਾਮੀ ਖਿਡਾਰੀਆਂ ਨੂੰ ਮਾਤ ਦਿੱਤੀ, ਜਿਨ੍ਹਾਂ ਵਿੱਚ ਟੋਕੀਓ ਓਲੰਪਿਕ ਦੇ ਸੋਨ ਤਗ਼ਮਾ ਜੇਤੂ ਮੁਤਾਜ਼ ਏਸਾ ਬਾਰਸ਼ਿਮ ਅਤੇ ਜਿਆਂਮਾਰਕੋ ਤਾਂਬੇਰੀ ਸ਼ਾਮਲ ਹਨ।
ਕੁਸ਼ਾਰੇ ਨੇ ਹਾਲ ਹੀ ਵਿੱਚ ਭੁਬਨੇਸ਼ਵਰ ਵਿੱਚ ਹੋਈ ਨੈਸ਼ਨਲ ਇੰਟਰ-ਸਟੇਟ ਚੈਂਪੀਅਨਸ਼ਿਪ ਵਿੱਚ 2.31 ਮੀਟਰ ਦੀ ਛਾਲ ਮਾਰ ਕੇ ਅੱਠ ਸਾਲ ਪੁਰਾਣਾ ਕੌਮੀ ਰਿਕਾਰਡ ਤੋੜਿਆ ਸੀ ਅਤੇ 2.30 ਮੀਟਰ ਦਾ ਅੰਕੜਾ ਪਾਰ ਕਰਨ ਵਾਲਾ ਪਹਿਲਾ ਭਾਰਤੀ ਬਣਿਆ ਸੀ। ਉਸ ਨੇ ਭਰੋਸਾ ਦਿੱਤਾ ਕਿ ਉਹ ਆਉਣ ਵਾਲੀਆਂ ਰਾਸ਼ਟਰਮੰਡਲ ਅਤੇ ਏਸ਼ਿਆਈ ਖੇਡਾਂ ਵਿੱਚ 2.35 ਮੀਟਰ ਦੇ ਅੰਕੜੇ ਨੂੰ ਵੀ ਪਾਰ ਕਰ ਲਵੇਗਾ।

