ਹੈਰੀ ਕੇਨ ਹੁਣ ਤੱਕ ਆਲਮੀ ਕੱਪ ਦਾ ਸਰਬੋਤਮ ਖਿਡਾਰੀ: ਬਾਈਚੁੰਗ
ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਤੀਜੇ ਸਥਾਨ ’ਤੇ ਹੈ ਇੰਗਲੈਂਡ ਦਾ ਕਪਤਾਨ
ਭਾਰਤ ਦੇ ਸਾਬਕਾ ਕਪਤਾਨ ਬਾਈਚੁੰਗ ਭੂਟੀਆ ਦਾ ਕਹਿਣਾ ਹੈ ਕਿ ਇੰਗਲੈਂਡ ਦਾ ਕਪਤਾਨ ਹੈਰੀ ਕੇਨ ਹੁਣ ਤੱਕ ਫੀਫਾ ਆਲਮੀ ਕੱਪ ਦਾ ਸਭ ਤੋਂ ਸ਼ਾਨਦਾਰ ਖਿਡਾਰੀ ਰਿਹਾ ਹੈ ਅਤੇ ਉਸ ਨੇ ਅਰਜਨਟੀਨਾ ਦੇ ਜਾਦੂਗਰ ਲਿਓਨਲ ਮੈਸੀ ਅਤੇ ਫਰੈਂਚ ਸੁਪਰਸਟਾਰ ਕਿਲੀਅਨ ਐਮਬਾਪੇ ਦੇ ਮੁਕਾਬਲੇ ਆਪਣੀ ਟੀਮ ਨੂੰ ਅੱਗੇ ਲਿਜਾਣ ਵਿੱਚ ਜ਼ਿਆਦਾ ਮਿਹਨਤ ਕੀਤੀ ਹੈ।
ਇੰਗਲੈਂਡ ਨੇ ਦੋ ਜਿੱਤਾਂ ਅਤੇ ਇੱਕ ਡਰਾਅ ਦੇ ਨਾਲ ਗਰੁੱਪ ‘ਐੱਲ’ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਅਤੇ ਫਿਰ ਡੀ ਆਰ ਕਾਂਗੋ ਨੂੰ 2-1 ਨਾਲ ਹਰਾ ਕੇ ਰਾਊਂਡ ਆਫ 16 ਵਿੱਚ ਜਗ੍ਹਾ ਬਣਾਈ। ਇੰਗਲੈਂਡ ਦੇ ਕੁੱਲ ਅੱਠ ਗੋਲਾਂ ਵਿੱਚੋਂ ਪੰਜ ਗੋਲ ਇਕੱਲੇ ਕੇਨ ਨੇ ਕੀਤੇ ਹਨ। ਉਹ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਮੈਸੀ (ਸੱਤ ਗੋਲ) ਅਤੇ ਐਮਬਾਪੇ (ਛੇ ਗੋਲ) ਤੋਂ ਬਾਅਦ ਤੀਜੇ ਸਥਾਨ ’ਤੇ ਹੈ।
ਭੂਟੀਆ ਨੇ ਅੱਜ ਇੱਕ ਇੰਟਰਵਿਊ ਵਿੱਚ ਕਿਹਾ, ‘‘ਮੇਰੇ ਲਈ ਹੁਣ ਤੱਕ ਹੈਰੀ ਕੇਨ ਸਭ ਤੋਂ ਵੱਧ ਪ੍ਰਭਾਵਸ਼ਾਲੀ ਰਿਹਾ ਹੈ, ਕਿਉਂਕਿ ਉਸ ਨੇ ਸੱਚਮੁੱਚ ਇੰਗਲੈਂਡ ਦੀ ਟੀਮ ਨੂੰ ਸੰਭਾਲਿਆ ਹੈ ਅਤੇ ਉਸ ਸਮੇਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਦੋਂ ਇਸ ਦੀ ਸਭ ਤੋਂ ਵੱਧ ਲੋੜ ਸੀ। ਉਸ ਦੇ ਕੁਝ ਮੈਚ ਬਹੁਤ ਵੱਡੇ ਅਤੇ ਸਖ਼ਤ ਸਨ ਅਤੇ ਕੇਨ ਅਜਿਹਾ ਖਿਡਾਰੀ ਹੈ ਜੋ ਮੁਸ਼ਕਲ ਹਾਲਾਤ ਵਿੱਚ ਨਤੀਜੇ ਦਿੰਦਾ ਹੈ।’’
