ਹਾਕੀ ਪ੍ਰੋ ਲੀਗ ’ਚ ਹਰਮਨਪ੍ਰੀਤ ਦੀ ਕਪਤਾਨ ਵਜੋਂ ਵਾਪਸੀ
ਐੱਫ ਆੲੀ ਐੱਚ ਪ੍ਰੋ ਲੀਗ ਦੇ ਯੂਰੋਪੀਅਨ ਗੇਡ਼ ਵਿੱਚ ਭਾਰਤ ਦੀ ਅਗਵਾੲੀ ਕਰੇਗਾ
ਕਪਤਾਨ ਅਤੇ ਸ਼ਾਨਦਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੀ ਅਗਲੇ ਮਹੀਨੇ ਹੋਣ ਵਾਲੀ ਐੱਫ ਆਈ ਐੱਚ ਪ੍ਰੋ ਲੀਗ ਦੇ ਯੂਰੋਪੀਅਨ ਗੇੜ ਲਈ 24 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਦੀ ਕਪਤਾਨੀ ਕਰਨ ਲਈ ਵਾਪਸੀ ਹੋਈ ਹੈ। ਐੱਫ ਆਈ ਐੱਚ ਪ੍ਰੋ ਲੀਗ ਅਗਸਤ ਵਿੱਚ ਹੋਣ ਵਾਲੇ ਸੰਸਾਰ ਕੱਪ ਤੋਂ ਪਹਿਲਾਂ ਤਿਆਰੀ ਲਈ ਅਹਿਮ ਟੂਰਨਾਮੈਂਟ ਹੋਵੇਗਾ।
ਹਰਮਨਪ੍ਰੀਤ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਫਰਵਰੀ ਵਿੱਚ ਪ੍ਰੋ ਲੀਗ ਦਾ ਹੋਬਾਰਟ ਗੇੜ ਨਹੀਂ ਖੇਡਿਆ ਸੀ। ਭਾਰਤੀ ਟੀਮ ਸੱਤ ਤੋਂ ਨੌਂ ਜੂਨ ਤੱਕ ਸਿਖਲਾਈ ਅਤੇ ਦੋਸਤਾਨਾ ਮੈਚ ਲਈ ਬਰੱਸਲਜ਼ ਜਾਵੇਗੀ। ਸਿਖਲਾਈ ਕੈਂਪ ਮਗਰੋਂ ਭਾਰਤੀ ਟੀਮ ਪ੍ਰੋ ਲੀਗ ਦੇ ਮੁਕਾਬਲਿਆਂ ਲਈ 10 ਜੂਨ ਨੂੰ ਨੈਦਰਲੈਂਡਜ਼ ਦੇ ਰੌਟਰਡਮ ਵੀ ਜਾਵੇਗੀ, ਜਿੱਥੇ ਉਸ ਨੇ 14 ਤੋਂ 21 ਜੂੁਨ ਵਿਚਕਾਰ ਜਰਮਨੀ ਅਤੇ ਨੈਦਰਲੈਂਡਜ਼ ਖ਼ਿਲਾਫ਼ ਮੈਚ ਖੇਡਣੇ ਹਨ। ਇਸ ਤੋਂ ਬਾਅਦ ਭਾਰਤੀ ਟੀਮ ਲੰਡਨ ਵਿੱਚ 23 ਤੋਂ 28 ਜੂਨ ਤੱਕ ਪ੍ਰੋ ਲੀਗ ਖੇਡੇਗੀ, ਜਿੱਥੇ ਉਸ ਦਾ ਮੁਕਾਬਲਾ ਪਾਕਿਸਤਾਨ ਅਤੇ ਇੰਗਲੈਂਡ ਨਾਲ ਹੋਵੇਗਾ।
ਟੀਮ ਤਜਰਬੇਕਾਰ ਖਿਡਾਰੀਆਂ ਅਤੇ ਹੁਨਰਮੰਦ ਨੌਜਵਾਨਾਂ ਦਾ ਗੱਠਜੋੜ ਹੈ ਤਾਂ ਕਿ 15 ਅਗਸਤ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਮੁੱਖ ਟੀਮ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਭਾਰਤੀ ਕਪਤਾਨ ਅਤੇ ਰੱਖਿਆ ਕਤਾਰ ਦੇ ਮੋਹਰੀ ਹਰਮਨਪ੍ਰੀਤ ਨੂੰ ਅਮਿਤ ਰੋਹਿਦਾਸ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ ਅਤੇ ਨੌਜਵਾਨ ਡਿਫੈਂਡਰ ਅਮਨਦੀਪ ਲਾਕੜਾ ਦੀ ਮਜ਼ਬੂਤ ਡਿਫੈਂਸਿਵ ਯੂਨਿਟ ਦਾ ਸਹਿਯੋਗ ਮਿਲੇਗਾ। ਮਿੱਡਫੀਲਡ ਦੀ ਕਮਾਨ ਤਜਰਬੇਕਾਰ ਹਾਰਦਿਕ ਸਿੰਘ ਅਤੇ ਮਨਪ੍ਰੀਤ ਸਿੰਘ ਤੋਂ ਇਲਾਵਾ ਵਿਵੇਕ ਸਾਗਰ ਪ੍ਰਸਾਦ ਅਤੇ ਰਾਜ ਕੁਮਾਰ ਪਾਲ ਦੇ ਹੱਥ ਹੋਵੇਗੀ। ਮੂਹਰਲੀ ਕਤਾਰ ਵਿੱਚ ਮਨਦੀਪ ਸਿੰਘ, ਸੁਖਜੀਤ ਸਿੰਘ, ਅਭਿਸ਼ੇਕ ਅਤੇ ਸੇਲਵਮ ਕਾਰਤੀ ਵਰਗੇ ਫਾਰਵਰਡ ਸ਼ਾਮਲ ਹਨ। ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ, ਫਾਰਵਰਡ ਅਰਾਈਜੀਤ ਸਿੰਘ ਹੁੰਦਲ ਅਤੇ ਮਨਿੰਦਰ ਸਿੰਘ, ਡਿਫੈਂਡਰ ਪੂਵੰਨਾ ਚੰਦੁਰਾ ਬੌਬੀ ਅਤੇ ਮਿੱਡਫੀਲਡਰ ਵਿਸ਼ਨੂ ਕਾਂਤ ਸਿੰਘ ਨੂੰ ਵਾਧੂ ਖਿਡਾਰੀਆਂ ਵਜੋਂ ਰੱਖਿਆ ਗਿਆ ਹੈ।

