ਅੰਬਾਲਾ ਨਾਲ ਸਬੰਧਤ ਜਿਮਨਾਸਟ ਯੋਗੇਸ਼ਵਰ ਸਿੰਘ 23 ਜੁਲਾਈ ਤੋਂ 2 ਅਗਸਤ ਤੱਕ ਹੋਣ ਵਾਲੀਆਂ 2026 ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਗਲਾਸਗੋ (ਸਕਾਟਲੈਂਡ) ਲਈ ਰਵਾਨਾ ਹੋ ਗਿਆ ਹੈ। ਉਹ ਅੱਠ ਮੈਂਬਰੀ (ਚਾਰ ਲੜਕੇ ਤੇ ਚਾਰ ਲੜਕੀਆਂ) ਭਾਰਤੀ ਟੀਮ ਦਾ ਹਿੱਸਾ ਹੈ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਤੀਜੀ ਵਾਰ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਹੈ। ਯੋਗੇਸ਼ਵਰ ਇਸ ਟੀਮ ਵਿੱਚ ਹਰਿਆਣਾ ਦਾ ਇਕਲੌਤਾ ਜਿਮਨਾਸਟ ਹੈ।
ਯੋਗੇਸ਼ਵਰ ਦੇ ਕੋਚ ਸਤਪਾਲ ਛਾਬੜਾ ਨੇ ਦੱਸਿਆ ਕਿ ਯੋਗੇਸ਼ਵਰ ਕੌਮੀ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਰਿਹਾ ਹੈ ਅਤੇ ਉਸ ਨੇ ਕਈ ਵਾਰ ਕੌਮਾਂਤਰੀ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਕੋਚ ਨੂੰ ਵਿਸ਼ਵਾਸ ਹੈ ਕਿ ਯੋਗੇਸ਼ਵਰ ਇਸ ਵਾਰ ਤਗ਼ਮਾ ਜਿੱਤ ਕੇ ਦੇਸ਼ ਦਾ ਮਾਣ ਵਧਾਏਗਾ। ਸੰਨ 2022 ਵਿੱਚ ਹੀ ਉਸ ਨੇ ਕ੍ਰੋਏਸ਼ੀਆ ’ਚ ਆਲਮੀ ਕੱਪ ਮੁਕਾਬਲੇ ’ਚ ਵੀ ਹਿੱਸਾ ਲਿਆ ਸੀ।
ਕੋਚ ਸਤਪਾਲ ਛਾਬੜਾ ਦਾ ਕਹਿਣਾ ਹੈ ਕਿ ਮੰਤਰੀ ਅਨਿਲ ਵਿੱਜ ਨੇ ਅੰਬਾਲਾ ਵਿੱਚ ਜਿਮਨਾਸਟਿਕ ਦੀਆਂ ਕੌਮਾਂਤਰੀ ਪੱਧਰ ਦੀਆਂ ਖੇਡ ਸਹੂਲਤਾਂ ਮੁਹੱਈਆ ਕੀਤੀਆਂ ਹਨ ਜਿਨ੍ਹਾਂ ਸਦਕਾ ਸੂਬੇ ਦੇ ਅਥਲੀਟਾਂ ਨੂੰ ਅੱਗੇ ਵਧਣ ਦੇ ਮੌਕੇ ਮਿਲ ਰਹੇ ਹਨ। ਅੰਬਾਲਾ ਜਿਮਨਾਸਟਿਕ ਐਸੋਸੀਏਸ਼ਨ ਦੇ ਚੇਅਰਮੈਨ ਰਾਜਿੰਦਰ ਵਿਜ ਅਤੇ ਜ਼ਿਲ੍ਹਾ ਖੇਡ ਅਧਿਕਾਰੀ ਰਾਮ ਸਰੂਪ ਸ਼ਰਮਾ ਨੇ ਵੀ ਯੋਗੇਸ਼ਵਰ ਨੂੰ ਸ਼ੁਭ ਇੱਛਾਵਾਂ ਭੇਟ ਕੀਤੀਆਂ।

