ਪੀ ਏ ਯੂ ’ਚ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਸ਼ੁਰੂ
ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਉਪਰਾਲੇ ਸਦਕਾ ਅੱਜ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਦੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿੱਚ ਨੌਵੀਂ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਸ਼ੁਰੂ ਹੋ ਗਈ। ਚੈਂਪੀਅਨਸ਼ਿਪ ਦਾ ਉਦਘਾਟਨ ਵਿਧਾਇਕ ਅਸ਼ੋਕ ਪਰਾਸ਼ਰ ਨੇ ਕੀਤਾ। ਪਹਿਲੇ ਦਿਨ ਅੰਡਰ-17 ਵਰਗ ਦੇ ਲੀਗ ਮੁਕਾਬਲਿਆਂ ’ਚ ਜਰਖੜ ਹਾਕੀ ਅਕੈਡਮੀ ਨੇ ਕਿਲ੍ਹਾ ਰਾਇਪੁਰ ਨੂੰ 4-1 ਗੋਲਾਂ ਨਾਲ ਹਰਾਇਆ। ਇਸੇ ਤਰ੍ਹਾਂ ਮਾਲਵਾ ਅਕੈਡਮੀ ਨੇ ਘਵੱਦੀ ਸਕੂਲ ਨੂੰ 4-0 ਨਾਲ, ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਨੂੰ 1-0 ਅਤੇ ਬਾਬਾ ਕਿਰਪਾਲ ਦਾਸ ਅਕੈਡਮੀ ਹੇਰਾਂ ਨੇ ਏਕ ਨੂਰ ਅਕੈਡਮੀ ਤਹਿੰਗ ਫਿਲੌਰ ਨੂੰ 1-0 ਨਾਲ ਹਰਾ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾਈ। ਕੁੜੀਆਂ ਦੇ ਵਰਗ ਵਿੱਚ ਰਾਊਂਡ ਗਲਾਸ ਮਾਲੇਰਕੋਟਲਾ ਨੇ ਡੀ ਏ ਵੀ ਸਕੂਲ, ਪੱਖੋਵਾਲ ਨੂੰ 3-0 ਨਾਲ ਅਤੇ ਮੁੰਡੀਆਂ ਕਲਾਂ ਹਾਕੀ ਸੈਂਟਰ ਨੇ ਚਚਰਾੜੀ ਨੂੰ 2-0 ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਵਿਧਾਇਕ ਨੇ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਦਰਸਾਉਂਦਾ ਸੋਵੀਨਾਰ ਰਿਲੀਜ਼ ਤੇ ਖੇਡਾਂ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਚਾਰ ਅਹਿਮ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਇਨ੍ਹਾਂ ਸ਼ਖ਼ਸੀਅਤਾਂ ’ਚ ਦਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ, ਅਜੀਤਪਾਲ ਸਿੰਘ ਸਟੇਟ ਅਤੇ ਕੁਲਵੀਰ ਸਿੰਘ ਸ਼ਾਮਲ ਸਨ। ਸ੍ਰੀ ਪਰਾਸ਼ਰ ਨੇ ਚੈਂਪੀਅਨਸ਼ਿਪ ਲਈ 1 ਲੱਖ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਰਾਮ ਟੈਕਸਟਾਈਲ ਕੰਪਨੀ ਵੱਲੋਂ ਜੇ ਪੀ ਸਿੰਘ ਨੇ ਵੀ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ।
