ਭਾਰਤੀ ਖੇਡ ਇਤਿਹਾਸ ’ਚ ਸੁਨਹਿਰੀ ਅਧਿਆਏ: ਫ਼ੌਜ ਦੇ ਦੋ ਰੋਅਰਾਂ ਨੇ Rowing World Cup ਵਿੱਚ ਪਹਿਲੀ ਵਾਰ ਜਿੱਤਿਆ ਸੋਨ ਤਗ਼ਮਾ
ਸਵਿਟਜ਼ਰਲੈਂਡ ਦੇ ਲੂਸਰਨ ਵਿਖੇ ਹਾਵ ਲਕਸ਼ੈ ਅਤੇ ਹਾਵ ਉੱਜਵਲ ਕੁਮਾਰ ਸਿੰਘ ਨੇ ਰਚਿਆ ਇਤਿਹਾਸ; ਲਾਈਟਵੇਟ ਡਬਲ ਸਕੱਲਜ਼ ਵਿੱਚ ਹਾਂਗਕਾਂਗ ਤੇ ਨੀਦਰਲੈਂਡ ਨੂੰ ਪਛਾੜ ਕੇ ਲਾਇਆ ਸੁਨਹਿਰੀ ਨਿਸ਼ਾਨਾ
ਭਾਰਤੀ ਖੇਡ ਜਗਤ ਲਈ ਅੱਜ ਦਾ ਦਿਨ ਬੇਹੱਦ ਇਤਿਹਾਸਕ ਸਾਬਤ ਹੋਇਆ ਹੈ। ਭਾਰਤੀ ਫ਼ੌਜ (Indian Army) ਦੇ ਦੋ ਹੋਣਹਾਰ ਖਿਡਾਰੀਆਂ ਨੇ ਸਵਿਟਜ਼ਰਲੈਂਡ ਦੇ ਲੂਸਰਨ ਵਿਖੇ ਖੇਡੇ ਜਾ ਰਹੇ ‘ਵਰਲਡ ਰੋਇੰਗ ਕੱਪ - 2026’ (World Rowing Cup - 2026) ਵਿੱਚ ਭਾਰਤ ਦੀ ਝੋਲੀ ਵਿੱਚ ਪਹਿਲਾ ਇਤਿਹਾਸਕ ਸੋਨ ਤਗ਼ਮਾ ਪਾਇਆ ਹੈ. ਭਾਰਤੀ ਰੋਅਰਾਂ (ਚੱਪੂ ਚਲਾਉਣ ਵਾਲੇ ਖਿਡਾਰੀ) ਨੇ ਇਹ ਮਾਣਮੱਤੀ ਪ੍ਰਾਪਤੀ ਪੁਰਸ਼ਾਂ ਦੇ ‘ਲਾਈਟਵੇਟ ਮੈਨਜ਼ ਡਬਲ ਸਕੱਲਜ਼’ (LM2x) ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਪ੍ਰਾਪਤ ਕੀਤੀ ਹੈ.
ਇਸ ਸ਼ਾਨਦਾਰ ਜਿੱਤ 'ਤੇ ਐਤਵਾਰ ਨੂੰ ਭਾਰਤੀ ਫ਼ੌਜ ਵੱਲੋਂ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਗਿਆ, “ਇਤਿਹਾਸਕ! ਭਾਰਤ ਲਈ ਬਿਲਕੁਲ ਪਹਿਲੀ ਵਾਰ। ਹਾਵ ਲਕਸ਼ੈ ਅਤੇ ਹਾਵ ਉੱਜਵਲ ਕੁਮਾਰ ਸਿੰਘ ਨੇ ਲੂਸਰਨ ਵਿਖੇ ਐਲਐਮ2ਐਕਸ (LM2x) ਵਰਗ ਵਿੱਚ 6:26.09 ਦੇ ਸ਼ਾਨਦਾਰ ਸਮੇਂ ਨਾਲ ਭਾਰਤ ਦਾ ਪਹਿਲਾ ਵਰਲਡ ਰੋਇੰਗ ਕੱਪ ਸੋਨ ਤਗ਼ਮਾ ਜਿੱਤਿਆ ਹੈ। ਇਹ ਭਾਰਤੀ ਫ਼ੌਜ ਅਤੇ ਪੂਰੇ ਦੇਸ਼ ਲਈ ਬਹੁਤ ਹੀ ਮਾਣ ਵਾਲਾ ਪਲ ਹੈ!”
ਪਹਿਲਾਂ ਵੀ ਕਈ ਕੌਮਾਂਤਰੀ ਤਗ਼ਮੇ ਆਪਣੇ ਨਾਮ ਕਰ ਚੁੱਕੀ ਇਸ ਭਾਰਤੀ ਜੋੜੀ ਨੇ ਮੁਕਾਬਲੇ ਦੌਰਾਨ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਹਾਂਗਕਾਂਗ ਅਤੇ ਨੀਦਰਲੈਂਡ ਦੇ ਖਿਡਾਰੀਆਂ ਨੂੰ ਕਾਫ਼ੀ ਪਿੱਛੇ ਛੱਡ ਦਿੱਤਾ. ਦੱਸ ਦੇਈਏ ਕਿ ਲੂਸਰਨ ਵਿਖੇ ਹੋ ਰਹੀ ਇਸ ਚੈਂਪੀਅਨਸ਼ਿਪ ਵਿੱਚ ਦੁਨੀਆ ਭਰ ਦੇ 42 ਦੇਸ਼ਾਂ ਦੇ ਲਗਭਗ 650 ਰੋਅਰ ਮਹਿਲਾ ਅਤੇ ਪੁਰਸ਼ਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਜ਼ੋਰ ਅਜ਼ਮਾਈ ਕਰ ਰਹੇ ਹਨ.
ਖੇਡ ਮਾਹਰਾਂ ਅਨੁਸਾਰ, ਲੂਸਰਨ ਰੈਗਾਟਾ (ਨੌਕਾਦੌੜ) ਵਿੱਚ ਐਲਐਮ2ਐਕਸ (LM2x) ਨੂੰ ਸਭ ਤੋਂ ਸਖ਼ਤ ਅਤੇ ਰੋਮਾਂਚਕ ਮੁਕਾਬਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ. ਇਸ ਵਰਗ ਵਿੱਚ ਖਿਡਾਰੀਆਂ ਲਈ ਭਾਰ ਦੀਆਂ ਸਖ਼ਤ ਸ਼ਰਤਾਂ ਹੁੰਦੀਆਂ ਹਨ, ਜਿਸ ਤਹਿਤ ਕਿਸੇ ਵੀ ਇਕੱਲੇ ਖਿਡਾਰੀ ਦਾ ਭਾਰ 70 ਕਿਲੋਗ੍ਰਾਮ ਤੋਂ ਵੱਧ ਨਹੀਂ ਹੋਣਾ ਚਾਹੀਦਾ ਅਤੇ ਪੂਰੀ ਟੀਮ (ਕ੍ਰੂ) ਦਾ ਔਸਤ ਭਾਰ ਵੀ 70 ਕਿਲੋਗ੍ਰਾਮ ਜਾਂ ਇਸ ਤੋਂ ਘੱਟ ਹੋਣਾ ਲਾਜ਼ਮੀ ਹੈ. ਇਸ ਕਾਰਨ ਖਿਡਾਰੀਆਂ ਨੂੰ ਤਾਕਤ ਦੇ ਨਾਲ-ਨਾਲ ਬਿਹਤਰੀਨ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ.
ਇਹ ਵੱਕਾਰੀ ਚੈਂਪੀਅਨਸ਼ਿਪ ਲੂਸਰਨ ਦੇ ਇਤਿਹਾਸਕ 'ਰੋਟਸੀ ਕੋਰਸ' (Rotsee course) 'ਤੇ ਕਰਵਾਈ ਜਾ ਰਹੀ ਹੈ. ਇਸ ਟ੍ਰੈਕ ਨੂੰ ਖਿਡਾਰੀਆਂ ਵੱਲੋਂ "ਰੱਬ ਦੀ ਝੀਲ" (God's Lake) ਵੀ ਕਿਹਾ ਜਾਂਦਾ ਹੈ, ਕਿਉਂਕਿ ਇੱਥੋਂ ਦਾ ਸ਼ਾਂਤ ਅਤੇ ਪਾਣੀ ਦਾ ਪੱਧਰ ਬਿਨਾਂ ਕਿਸੇ ਰੁਕਾਵਟ ਦੇ ਸਾਰੇ ਪ੍ਰਤੀਯੋਗੀਆਂ ਨੂੰ ਬਰਾਬਰ ਅਤੇ ਨਿਰਪੱਖ ਮੁਕਾਬਲੇ ਦਾ ਮਾਹੌਲ ਪ੍ਰਦਾਨ ਕਰਦਾ ਹੈ.
ਸੋਨ ਤਗ਼ਮਾ ਜਿੱਤਣ ਵਾਲੇ ਇਹ ਦੋਵੇਂ ਖਿਡਾਰੀ ਪੁਣੇ ਸਥਿਤ 'ਆਰਮੀ ਰੋਇੰਗ ਨੋਡ' (ARN) ਨਾਲ ਸਬੰਧਤ ਹਨ. ਇਹ ਸੈਂਟਰ ਪੁਣੇ ਦੇ 'ਕਾਲਜ ਆਫ਼ ਮਿਲਟਰੀ ਇੰਜੀਨੀਅਰਿੰਗ' (CME) ਵਿਖੇ ਬਣਿਆ ਹੋਇਆ ਹੈ, ਜੋ ਭਾਰਤੀ ਹਥਿਆਰਬੰਦ ਬਲਾਂ ਦੀਆਂ ਰੋਇੰਗ ਟੀਮਾਂ ਨੂੰ ਓਲੰਪਿਕ ਸਮੇਤ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਵਾਲੀ ਦੇਸ਼ ਦੀ ਸਰਵੋਤਮ ਸੰਸਥਾ ਹੈ.
ਸਾਲ 2001 ਵਿੱਚ ਫ਼ੌਜ ਦੇ 'ਮਿਸ਼ਨ ਓਲੰਪਿਕਸ' ਦੇ ਹਿੱਸੇ ਵਜੋਂ ਸਥਾਪਿਤ ਕੀਤੇ ਗਏ ਇਸ ਆਰਮੀ ਰੋਇੰਗ ਨੋਡ (ARN) ਵਿੱਚ 2,200 ਮੀਟਰ ਲੰਬੀ ਅਤੇ 135 ਮੀਟਰ ਚੌੜੀ ਮਨੁੱਖ-ਨਿਰਮਿਤ (ਆਰਟੀਫੀਸ਼ੀਅਲ) ਨਹਿਰ ਬਣਾਈ ਗਈ ਹੈ. ਇਹ ਭਾਰਤ ਦੀ ਇੱਕਮਾਤਰ ਅਜਿਹੀ ਖੇਡ ਸਹੂਲਤ ਹੈ ਜਿੱਥੇ ਕੌਮਾਂਤਰੀ ਪੱਧਰ ਦੇ ਮੁਕਾਬਲੇ ਕਰਵਾਏ ਜਾ ਸਕਦੇ ਹਨ. ਇਸ ਸੈਂਟਰ ਵਿੱਚ ਕਰੀਬ 300 ਐਥਲੀਟਾਂ ਦੇ ਰਹਿਣ, ਆਧੁਨਿਕ ਜਿਮਨੇਜ਼ੀਅਮ, ਬੋਟ-ਹਾਊਸ ਅਤੇ ਸਪੋਰਟਸ ਸਾਇੰਸ ਦੀਆਂ ਵਿਸ਼ਵ-ਪੱਧਰੀ ਸਹੂਲਤਾਂ ਮੌਜੂਦ ਹਨ, ਜਿੱਥੇ ਪ੍ਰੋਫੈਸ਼ਨਲ ਕੋਚ, ਫਿਜ਼ੀਓਥੈਰੇਪਿਸਟ, ਮਾਹਰ ਡਾਇਟੀਸ਼ੀਅਨ ਅਤੇ ਸਪੋਰਟਸ ਸਾਈਕੋਲੋਜਿਸਟ ਖਿਡਾਰੀਆਂ ਨੂੰ ਸਿਖਲਾਈ ਦਿੰਦੇ ਹਨ. ਭਾਰਤੀ ਫ਼ੌਜ ਵੱਲੋਂ ਵੱਖ-ਵੱਖ ਖੇਡਾਂ ਵਿੱਚ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਭਰਤੀ ਕਰਕੇ ਉਨ੍ਹਾਂ ਨੂੰ ਕੌਮਾਂਤਰੀ ਪੱਧਰ ਦਾ ਬਣਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਸਦਕਾ ਹੀ ਅੱਜ ਫ਼ੌਜ ਦੇ ਖਿਡਾਰੀ ਵਿਸ਼ਵ ਪੱਧਰ 'ਤੇ ਨਵੇਂ ਰਾਸ਼ਟਰੀ ਰਿਕਾਰਡ ਸਥਾਪਿਤ ਕਰ ਰਹੇ ਹਨ.
