ਪੈਰਾਗੁਏ ਨੇ ਸੋਮਵਾਰ ਨੂੰ ਪੈਨਲਟੀ ਸ਼ੂਟਆਊਟ ਵਿੱਚ ਜਰਮਨੀ ਨੂੰ 4-3 ਨਾਲ ਹਰਾ ਕੇ ਮੌਜੂਦਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਉਲਟਫੇਰ ਕੀਤਾ ਹੈ। ਪੈਰਾਗੁਏ ਲਈ ਜੋਸ ਕੈਨਾਲੇ ਨੇ ਪਹਿਲੀ ਹੀ ਸਡਨ ਡੈੱਥ ਪੈਨਲਟੀ ਕਿੱਕ ਉੱਤੇ ਗੋਲ ਕੀਤਾ ਤੇ ਗੋਲਕੀਪਰ ਓਰਲੈਂਡੋ ਗਿਲ ਨੇ ਸ਼ੂਟਆਊਟ ਦੌਰਾਨ ਦੋ ਅਹਿਮ ਬਚਾਅ ਕੀਤੇ। ਰਾਊਂਡ ਆਫ਼ 32 ਦਾ ਇਹ ਮੈਚ ਵਾਧੂ ਸਮੇਂ ਤੋਂ ਬਾਅਦ 1-1 ਨਾਲ ਬਰਾਬਰ ਰਿਹਾ ਸੀ। ਪੈਰਾਗੁਏ ਨੇ 42ਵੇਂ ਮਿੰਟ ਵਿੱਚ ਜੂਲੀਓ ਐਨਸਿਸੋ ਵੱਲੋਂ ਹੈੱਡਰ ਨਾਲ ਕੀਤੇ ਗੋਲ ਦੀ ਬਦੌਲਤ ਲੀਡ ਹਾਸਲ ਕੀਤੀ, ਪਰ ਚਾਰ ਵਾਰ ਦੇ ਚੈਂਪੀਅਨ ਜਰਮਨੀ ਲਈ ਕਾਈ ਹਾਵਰਟਜ਼ ਨੇ 52ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਦਾਗਿਆ।
ਗਿਲ ਨੇ ਮੈਚ ਉਪਰੰਤ ਆਪਣੀ ਜਿੱਤ ਦੇ ਰਾਜ਼ ਦਾ ਖੁਲਾਸਾ ਕਰਦਿਆਂ ਕਿਹਾ, ‘‘ਅਸੀਂ ਹਰੇਕ ਖਿਡਾਰੀ ਤੇ ਹਰ ਛੋਟੀ ਚੀਜ਼ ਦੀ ਸਮੀਖਿਆ ਕੀਤੀ ਸੀ ਅਤੇ ਇਹੀ ਵਜ੍ਹਾ ਹੈ ਕਿ ਮੈਂ ਸਿਰਫ਼ ਦੋ ਪੈਨਲਟੀਜ਼ ਰੋਕਣ ਵਿੱਚ ਨਾਕਾਮ ਰਿਹਾ। ਇਹ ਜਿੱਤ ਪੈਰਾਗੁਏ ਦੇ ਲੋਕਾਂ ਨੂੰ ਸਮਰਪਿਤ ਹੈ।’’ ਫੀਫਾ ਦਰਜਾਬੰਦੀ ਵਿੱਚ 34ਵੇਂ ਸਥਾਨ ’ਤੇ ਮੌਜੂਦਾ ਪੈਰਾਗੁਏ ਦੀ ਜਿੱਤ ’ਤੇ ਬਹੁਤ ਘੱਟ ਸੱਟਾ ਲੱਗਾ ਸੀ ਪਰ ਉਸ ਨੇ 12ਵੇਂ ਸਥਾਨ ’ਤੇ ਕਾਬਜ਼ ਜਰਮਨੀ ਨੂੰ ਹਰਾ ਕੇ ਵਿਸ਼ਵ ਭਰ ਦੇ ਫੁਟਬਾਲ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ। ਪੈਰਾਗੁਏ ਦੀ ਟੀਮ ਹੁਣ ਸ਼ਨਿੱਚਰਵਾਰ ਨੂੰ ਫਿਲਾਡੈਲਫੀਆ ਵਿੱਚ ਰਾਊਂਡ ਆਫ਼ 16 ਵਿੱਚ ਫਰਾਂਸ ਜਾਂ ਸਵੀਡਨ ’ਚੋਂ ਕਿਸੇ ਇਕ ਨਾਲ ਖੇਡੇਗੀ। ਜਰਮਨੀ ਨੂੰ ਪੈਨਲਟੀ ਸ਼ੂਟਆਊਟ ’ਚ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਕਿਉਂਕਿ ਅਹਿਮ ਮੁਕਾਬਲਿਆਂ ਵਿੱਚ ਸੱਤ ਵਾਰ ਪੈਨਲਟੀ ਸ਼ੂਟਆਊਟ ਵਿੱਚੋਂ 6 ਵਾਰ ਟੀਮ ਨੇ ਜਿੱਤ ਹਾਸਲ ਕੀਤੀ ਸੀ। ਜਰਮਨੀ ਨੇ 2002 ਵਿੱਚ ਪ੍ਰੀ-ਕੁਆਰਟਰਜ਼ ਮੈਚ ਵਿੱਚ ਪੈਰਾਗੁਏ ਨੂੰ 1-0 ਨਾਲ ਹਰਾਇਆ ਸੀ। ਇਸ ਤਰ੍ਹਾਂ, ਪੈਰਾਗੁਏ ਨੇ 24 ਸਾਲ ਬਾਅਦ ਹਿਸਾਬ ਬਰਾਬਰ ਕੀਤਾ ਹੈ। ਜਰਮਨੀ ਦਾ 2014 ਦੇ ਫਾਈਨਲ ਮਗਰੋਂ ਇਹ ਪਹਿਲਾ ਨਾਕਆਊਟ ਮੁਕਾਬਲਾ ਸੀ। -ਪੀਟੀਆਈ
