ਪ੍ਰਧਾਨ ਮੰਤਰੀ ਤੋਂ ਬਾਅਦ ਗੌਤਮ ਗੰਭੀਰ ਦਾ ਕੰਮ ਸਭ ਤੋਂ ਔਖਾ: ਸ਼ਸ਼ੀ ਥਰੂਰ
ਭਾਰਤੀ ਕੋਚ ਦਾ ਪਲਟਵਾਰ...ਕਿਹਾ ‘ਅਸੀਮਤ ਅਧਿਕਾਰਾਂ’ ਬਾਰੇ ਸੱਚਾਈ ਤੇ ਤਰਕ ਸਪਸ਼ਟ ਹੋ ਜਾਣਗੇ
ਭਾਰਤੀ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ ਨੇ ਇਸ ਵਿਆਪਕ ਧਾਰਨਾ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ ਕਿ ਉਨ੍ਹਾਂ ਕੋਲ ਟੀਮ ਦੀ ਚੋਣ ਵਿੱਚ ‘ਅਸੀਮਤ ਅਧਿਕਾਰ’ ਹਨ। ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਵੱਲੋਂ ਉਨ੍ਹਾਂ ਦੀ ਭੂਮਿਕਾ ਨੂੰ ‘ਪ੍ਰਧਾਨ ਮੰਤਰੀ ਤੋਂ ਬਾਅਦ ਸਭ ਤੋਂ ਔਖਾ ਕੰਮ’ ਦੱਸੇ ਜਾਣ ਤੋਂ ਬਾਅਦ ਖ਼ੁਦ ਨੂੰ ‘ਆਪਣੇ ਹੀ ਲੋਕਾਂ ਖਿਲਾਫ਼ ਖੜ੍ਹਾ’ ਕੀਤੇ ਜਾਣ ’ਤੇ ਹੈਰਾਨੀ ਜਤਾਈ ਹੈ।
ਥਰੂਰ, ਜੋ ਖੁਦ ਕ੍ਰਿਕਟ ਦੇ ਵੱਡੇ ਪ੍ਰਸ਼ੰਸਕ ਹਨ, ਨੇ ਨਾਗਪੁਰ ਵਿੱਚ ਨਿਊਜ਼ੀਲੈਂਡ ਖਿਲਾਫ਼ ਪਹਿਲੇ ਟੀ-20 ਮੈਚ ਤੋਂ ਪਹਿਲਾਂ ਗੰਭੀਰ ਨਾਲ ਇੱਕ ਸੈਲਫੀ ਸਾਂਝੀ ਕੀਤੀ। ਥਰੂਰ ਨੇ ਕਿਹਾ ਕਿ ਭਾਰਤ ਦਾ ਸਲਾਮੀ ਬੱਲੇਬਾਜ਼ ਆਪਣੀ ਇਸ ਨਵੀਂ ਭੂਮਿਕਾ ਵਿਚ ਜਿੰਨੇ ਦਬਾਅ ਵਿਚ ਕੰਮ ਕਰ ਰਿਹਾ ਹੈ, ਉਸ ਦੀ ਤਾਰੀਫ਼ ਕਰਨੀ ਬਣਦੀ ਹੈ।
ਥਰੂਰ ਨੇ ਟਵੀਟ ਕੀਤਾ, ‘‘ਨਾਗਪੁਰ ਵਿੱਚ ਆਪਣੇ ਪੁਰਾਣੇ ਦੋਸਤ @GautamGambhir ਨਾਲ ਇੱਕ ਚੰਗੀ ਗੱਲਬਾਤ ਦਾ ਆਨੰਦ ਮਾਣਿਆ, ਜੋ ਕਿ ਪ੍ਰਧਾਨ ਮੰਤਰੀ ਤੋਂ ਬਾਅਦ ਭਾਰਤ ਵਿੱਚ ਸਭ ਤੋਂ ਔਖਾ ਕੰਮ ਕਰਨ ਵਾਲਾ ਆਦਮੀ ਹੈ! ਉਸ ਨੂੰ ਰੋਜ਼ਾਨਾ ਲੱਖਾਂ ਲੋਕ ਗਲਤ ਸਮਝਦੇ ਹਨ ਪਰ ਉਹ ਸ਼ਾਂਤ ਰਹਿੰਦਾ ਹੈ ਅਤੇ ਬਿਨਾਂ ਕਿਸੇ ਡਰ ਦੇ ਚੱਲਦਾ ਹੈ। ਉਸ ਦੀ ਇਸ ਦ੍ਰਿੜਤਾ ਅਤੇ ਯੋਗ ਅਗਵਾਈ ਲਈ ਪ੍ਰਸ਼ੰਸਾ ਦਾ ਇੱਕ ਸ਼ਬਦ। ਉਸ ਨੂੰ ਅੱਜ ਤੋਂ ਹੀ ਸਫਲਤਾ ਦੀ ਕਾਮਨਾ ਕਰਦਾ ਹਾਂ!’’
ਗੰਭੀਰ ਨੇ ਬੁੱਧਵਾਰ ਦੇਰ ਰਾਤ ਥਰੂਰ ਦੇ ਉਪਰੋਕਤ ਟਵੀਟ ਦਾ ਜਵਾਬ ਦਿੱਤਾ ਅਤੇ ਕੁਝ ਸਮੇਂ ਲਈ ਉਨ੍ਹਾਂ ਗੱਲਾਂ ਨੂੰ ਛੋਹਿਆ, ਜੋ ਉਨ੍ਹਾਂ ਦੇ ਕਾਰਜਕਾਲ ’ਤੇ ਹਾਵੀ ਰਹੀਆਂ ਹਨ। ਗੰਭੀਰ ਨੇ ਐਕਸ ’ਤੇ ਲਿਖਿਆ, ‘‘ਡਾ. @Sashitharoor ਦਾ ਬਹੁਤ ਧੰਨਵਾਦ! ਜਦੋਂ ਧੂੜ ਹਟੇਗੀ, ਤਾਂ ਇੱਕ ਕੋਚ ਦੇ ਕਥਿਤ ‘ਅਸੀਮਤ ਅਧਿਕਾਰ’ ਬਾਰੇ ਸੱਚਾਈ ਅਤੇ ਤਰਕ ਸਪੱਸ਼ਟ ਹੋ ਜਾਣਗੇ। ਉਦੋਂ ਤੱਕ ਮੈਨੂੰ ਇਹ ਦੇਖ ਕੇ ਮਜ਼ਾ ਆ ਰਿਹਾ ਹੈ ਕਿ ਮੈਨੂੰ ਆਪਣੇ ਹੀ ਲੋਕਾਂ ਵਿਰੁੱਧ ਖੜ੍ਹਾ ਕੀਤਾ ਜਾ ਰਿਹਾ ਹੈ, ਜੋ ਸਭ ਤੋੋਂ ਚੰਗੇ ਹਨ।’’
ਗੰਭੀਰ ਨੇ ਜਦੋਂ ਤੋਂ ਭਾਰਤੀ ਟੀਮ ਦੀ ਕਮਾਨ ਸੰਭਾਲੀ ਹੈ, ਟੀਮ ਵਿੱਚ ਤਿੰਨੋਂ ਫਾਰਮੈਟਾਂ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਸੂਰਿਆਕੁਮਾਰ ਯਾਦਵ ਨੂੰ ਭਾਰਤ ਦਾ ਟੀ-20 ਕਪਤਾਨ ਨਿਯੁਕਤ ਕਰਨ ਤੋਂ ਲੈ ਕੇ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਰਵੀਚੰਦਰਨ ਅਸ਼ਵਿਨ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੱਕ, ਟੀਮ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ। ਇਸ ਸਮੇਂ ਦੌਰਾਨ ਸ਼ੁਭਮਨ ਗਿੱਲ ਨੂੰ ਟੈਸਟ ਅਤੇ ਇੱਕ ਰੋਜ਼ਾ ਟੀਮ ਦਾ ਕਪਤਾਨ ਵੀ ਨਿਯੁਕਤ ਕੀਤਾ ਗਿਆ ਸੀ। ਇਸ ਸਭ ਦੇ ਵਿਚਕਾਰ ਗੰਭੀਰ ਦੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਰਗੇ ਸੀਨੀਅਰ ਖਿਡਾਰੀਆਂ ਨਾਲ ਰਿਸ਼ਤਿਆਂ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਹਨ। ਇਹ ਦੋਵੇਂ ਹੀ ਖਿਡਾਰੀ ਟੈਸਟ ਅਤੇ ਟੀ-20 ਤੋਂ ਸੰਨਿਆਸ ਲੈਣ ਮਗਰੋਂ ਹੁਣ ਸਿਰਫ ਇੱਕ ਰੋਜ਼ਾ ਕੌਮਾਂਤਰੀ ਮੈਚ ਖੇਡ ਰਹੇ ਹਨ।

