ਕੋਲਕਾਤਾ, 22 ਜੂਨ
ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਨੇ ਸਿਆਸਤ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ, ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਟੀਮ ਦਾ ਕੋਚ ਬਣਨ ’ਤੇ ਕੋਈ ਇਤਰਾਜ਼ ਨਹੀਂ ਹੈ। ਜੁਲਾਈ ਵਿੱਚ 53 ਸਾਲ ਦੇ ਹੋਣ ਜਾ ਰਹੇ ਗਾਂਗੁਲੀ 2018-19 ਅਤੇ 2022-24 ਵਿਚਾਲੇ ਦਿੱਲੀ ਕੈਪੀਟਲਜ਼ ਦੇ ਟੀਮ ਡਾਇਰੈਕਟਰ ਰਹੇ ਹਨ। ਪੀਟੀਆਈ ਨੂੰ ਦਿੱਤੇ ਪੌਡਕਾਸਟ ਇੰਟਰਵਿਊ ਵਿੱਚ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਭਾਰਤੀ ਟੀਮ ਦਾ ਕੋਚ ਬਣਨਾ ਚਾਹੁਣਗੇ, ਉਨ੍ਹਾਂ ਕਿਹਾ, ‘ਮੈਂ ਇਸ ਬਾਰੇ ਨਹੀਂ ਸੋਚਿਆ ਕਿਉਂਕਿ ਮੈਂ ਵੱਖ-ਵੱਖ ਭੂਮਿਕਾਵਾਂ ਵਿੱਚ ਰਿਹਾ ਹਾਂ। ਮੈਂ 2013 ਵਿੱਚ ਕ੍ਰਿਕਟ ਖੇਡਣੀ ਛੱਡ ਦਿੱਤੀ ਸੀ ਅਤੇ ਫਿਰ ਬੀਸੀਸੀਆਈ ਪ੍ਰਧਾਨ ਬਣ ਗਿਆ।’ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਭਾਰਤ ਦੇ ਕੋਚ ਬਣ ਕੇ ਕ੍ਰਿਕਟ ਵਿੱਚ ਹੋਰ ਯੋਗਦਾਨ ਪਾ ਸਕਦੇ ਸਨ, ਤਾਂ ਗਾਂਗੁਲੀ ਨੇ ਕਿਹਾ, ‘ਦੇਖਦੇ ਹਾਂ, ਅੱਗੇ ਕੀ ਹੁੰਦਾ ਹੈ। ਮੈਨੂੰ ਇਸ ’ਤੇ ਕੋਈ ਇਤਰਾਜ਼ ਨਹੀਂ ਹੈ। ਦੇਖਦੇ ਹਾਂ।’ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਪੱਛਮੀ ਬੰਗਾਲ ਵਿੱਚ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣਗੇ, ਉਨ੍ਹਾਂ ਮੁਸਕਰਾਉਂਦਿਆਂ ਕਿਹਾ, ‘ਮੈਨੂੰ ਇਸ ਵਿੱਚ ਕੋਈ ਦਿਲਚਸਪੀ ਨਹੀਂ ਹੈ।’ -ਪੀਟੀਆਈ