DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਫ਼ਰਤ ਦੀਆਂ ਦੀਵਾਰਾਂ ਢਾਹ ਕੇ ਮੁਹੱਬਤ ਦੇ ਪੁਲ ਉਸਾਰਦੀਆਂ ਖੇਡਾਂ

ਤਰਰਾਸ਼ਟਰੀ ਓਲੰਪਿਕ ਦਿਵਸ 23 ਜੂਨ ਨੂੰ ਮਨਾਇਆ ਜਾਣ ਵਾਲਾ ਇੱਕ ਵਿਸ਼ਵਵਿਆਪੀ ਖੇਡ ਜਾਗਰੂਕਤਾ ਦਿਵਸ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਉੱਤਮਤਾ, ਭਾਈਚਾਰੇ ਅਤੇ ਸਨਮਾਨ ਵਰਗੇ ਓਲੰਪਿਕ ਮੁੱਲਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਹਰ ਉਮਰ ਦੇ ਲੋਕਾਂ ਨੂੰ ਖੇਡਾਂ,...

  • fb
  • twitter
  • whatsapp
  • whatsapp
Advertisement

ਤਰਰਾਸ਼ਟਰੀ ਓਲੰਪਿਕ ਦਿਵਸ 23 ਜੂਨ ਨੂੰ ਮਨਾਇਆ ਜਾਣ ਵਾਲਾ ਇੱਕ ਵਿਸ਼ਵਵਿਆਪੀ ਖੇਡ ਜਾਗਰੂਕਤਾ ਦਿਵਸ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਉੱਤਮਤਾ, ਭਾਈਚਾਰੇ ਅਤੇ ਸਨਮਾਨ ਵਰਗੇ ਓਲੰਪਿਕ ਮੁੱਲਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਹਰ ਉਮਰ ਦੇ ਲੋਕਾਂ ਨੂੰ ਖੇਡਾਂ, ਸਰੀਰਕ ਸਰਗਰਮੀਆਂ, ਤੰਦਰੁਸਤੀ ਨਾਲ ਜੁੜੀਆਂ ਗਤੀਵਿਧੀਆਂ ਅਤੇ ਭਾਈਚਾਰਕ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਹ ਦਿਨ ਸਿਰਫ਼ ਖਿਡਾਰੀਆਂ ਲਈ ਹੀ ਨਹੀਂ ਸਗੋਂ ਵਿਦਿਆਰਥੀਆਂ, ਅਧਿਆਪਕਾਂ, ਪਰਿਵਾਰਾਂ ਅਤੇ ਭਾਈਚਾਰਿਆਂ ਸਮੇਤ ਹਰੇਕ ਲਈ ਹੈ। ਇਸ ਦਿਨ ਕੀਤੇ ਜਾਣ ਵਾਲੇ ਸਮਾਗਮ ਖੇਡਾਂ ਨੂੰ ਇੱਕ ਸਿਹਤਮੰਦ ਸਰੀਰ, ਮਜ਼ਬੂਤ ਚਰਿੱਤਰ, ਟੀਮ ਵਰਕ, ਅਨੁਸ਼ਾਸਨ ਅਤੇ ਕੌਮਾਂਤਰੀ ਏਕਤਾ ਦੇ ਨਿਰਮਾਣ ਦੇ ਸਾਧਨ ਵਜੋਂ ਵਰਤਣ ’ਤੇ ਕੇਂਦਰਿਤ ਹੁੰਦੇ ਹਨ। ਇਸ ਮੌਕੇ ਸਕੂਲ, ਕਾਲਜ, ਖੇਡ ਕਲੱਬ, ਰਾਜ ਅਤੇ ਰਾਸ਼ਟਰੀ ਓਲੰਪਿਕ ਕਮੇਟੀਆਂ ਵੱਖ-ਵੱਖ ਦੌੜਾਂ, ਦੋਸਤਾਨਾ ਮੈਚਾਂ, ਵਰਕਸ਼ਾਪਾਂ, ਸੱਭਿਆਚਾਰਕ ਸਮਾਗਮਾਂ ਅਤੇ ਓਲੰਪਿਕ ਕਦਰਾਂ-ਕੀਮਤਾਂ ’ਤੇ ਸੈਸ਼ਨਾਂ ਵਰਗੀਆਂ ਸਰਗਰਮੀਆਂ ਦਾ ਆਯੋਜਨ ਕਰਦੇ ਹਨ। ਇਹ ਦਿਨ 23 ਜੂਨ 1894 ਨੂੰ ਹੋਈ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਸਥਾਪਨਾ ਨੂੰ ਵੀ ਯਾਦ ਕਰਵਾਉਂਦਾ ਹੈ।

ਖੇਡਾਂ ਦੀ ਭਾਵੇਂ ਆਪਣੀ ਕੋਈ ਭਾਸ਼ਾ ਨਹੀਂ ਹੁੰਦੀ ਪਰ ਇੱਕ ਅਜਿਹੀ ਵਿਲੱਖਣ ਬੋਲੀ ਜ਼ਰੂਰ ਹੁੰਦੀ ਹੈ ਜਿਸ ਨੂੰ ਕੁੱਲ ਆਲਮ ਸਮਝਦਾ ਹੈ। ਖੇਡਾਂ ਵੱਖ-ਵੱਖ ਦੇਸ਼ਾਂ, ਭਾਸ਼ਾਵਾਂ, ਸੱਭਿਆਚਾਰਾਂ, ਰੰਗਾਂ, ਨਸਲਾਂ, ਜਾਤਾਂ ਅਤੇ ਧਰਮਾਂ ਦੇ ਲੋਕਾਂ ਨੂੰ ਆਪਸ ਵਿੱਚ ਮਜ਼ਬੂਤੀ ਨਾਲ ਜੋੜਨ ਦਾ ਕੰਮ ਕਰਦੀਆਂ ਹਨ। ਖੇਡਾਂ ਨਾਲ ਕੌੜੇ-ਕੁਸੈਲੇ ਰਿਸ਼ਤੇ ਖ਼ਤਮ ਹੁੰਦੇ ਹਨ ਅਤੇ ਆਪਸੀ ਭਾਈਚਾਰੇ, ਪਿਆਰ ਤੇ ਸਹਿਯੋਗ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਯੂਨਾਨ ਦੀਆਂ ਪ੍ਰਾਚੀਨ ਓਲੰਪਿਕ ਖੇਡਾਂ ਇਸ ਦੀ ਸਭ ਤੋਂ ਵੱਡੀ ਉਦਾਹਰਣ ਹਨ। ਉਸ ਸਮੇਂ ਜਦੋਂ ਓਲੰਪਿਕ ਖੇਡਾਂ ਹੁੰਦੀਆਂ ਸਨ ਤਾਂ ਸਾਰੀਆਂ ਰਿਆਸਤਾਂ ਦੇ ਰਾਜੇ (ਜੋ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਆਪਸ ਵਿੱਚ ਲੜ ਰਹੇ ਹੁੰਦੇ ਸਨ) ਆਪੋ-ਆਪਣੀਆਂ ਲੜਾਈਆਂ ਬੰਦ ਕਰ ਦਿੰਦੇ ਸਨ ਅਤੇ ਸਾਰੇ ਇਕੱਠੇ ਸਟੇਡੀਅਮ ਵਿੱਚ ਬੈਠ ਕੇ ਓਲੰਪਿਕ ਖੇਡਾਂ ਦਾ ਆਨੰਦ ਮਾਣਦੇ ਸਨ। ਯੂਨਾਨ ਵਿੱਚ ਉਸ ਸਮੇਂ ਤੱਕ ਸ਼ਾਂਤੀ ਬਣੀ ਰਹਿੰਦੀ ਸੀ ਜਦੋਂ ਤੱਕ ਸਾਰੇ ਖਿਡਾਰੀ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਨਹੀਂ ਸਨ ਜਾਂਦੇ।

Advertisement

ਸਾਲ 2026 ਦੇ ਅੰਤਰਰਾਸ਼ਟਰੀ ਓਲੰਪਿਕ ਦਿਵਸ ਦਾ ਮੁੱਖ ਥੀਮ ‘ਖੇਡਾਂ: ਪੁਲ ਬਣਾਉਣਾ, ਰੁਕਾਵਟਾਂ ਤੋੜਨਾ’ ਰੱਖਿਆ ਗਿਆ ਹੈ। ਇਹ ਥੀਮ ਦਰਸਾਉਂਦਾ ਹੈ ਕਿ ਖੇਡਾਂ ਕਿਵੇਂ ਸਮਾਜ ਨੂੰ ਜੋੜਨ ਅਤੇ ਆਪਸੀ ਵਿਤਕਰੇ ਖ਼ਤਮ ਕਰਨ ਦਾ ਕੰਮ ਕਰਦੀਆਂ ਹਨ। ਨੈਲਸਨ ਮੰਡੇਲਾ ਨੇ ਵੀ ਕਿਹਾ ਸੀ ਕਿ ਖੇਡਾਂ ਵਿੱਚ ਦੁਨੀਆ ਨੂੰ ਬਦਲਣ ਦੀ ਸ਼ਕਤੀ ਹੈ। ਇਸ ਲਈ ਅੱਜ ਖੇਡਾਂ ਨੂੰ ਸਿਰਫ਼ ਜਿੱਤ-ਹਾਰ ਨਹੀਂ ਬਲਕਿ ਨਫ਼ਰਤ ਦੀਆਂ ਦੀਵਾਰਾਂ ਢਾਹ ਕੇ ਮੁਹੱਬਤ ਦੇ ਪੁਲ ਉਸਾਰਨ ਦੇ ਸਾਧਨ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਸਥਾਪਨਾ 23 ਜੂਨ 1894 ਨੂੰ ਪੈਰਿਸ ਵਿੱਚ ਬੈਰਨ ਪੀਅਰੇ ਡੀ ਕੁਬਰਟਿਨ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਨੂੰ ‘ਆਧੁਨਿਕ ਓਲੰਪਿਕ ਖੇਡਾਂ ਦਾ ਪਿਤਾਮਾ’ ਕਿਹਾ ਜਾਂਦਾ ਹੈ। ਇਸੇ ਸਥਾਪਨਾ ਸਦਕਾ 1896 ਵਿੱਚ ਯੂਨਾਨ ਦੀ ਰਾਜਧਾਨੀ ਏਥਨਜ਼ ਵਿੱਚ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਨੇ ਵਿਸ਼ਵ ਵਿੱਚ ਸ਼ਾਂਤੀ ਅਤੇ ਸਹਿਯੋਗ ਦਾ ਸੰਦੇਸ਼ ਦਿੱਤਾ। ਇਸ ਦਿਵਸ ਨੂੰ ਮਨਾਉਣ ਦਾ ਪ੍ਰਸਤਾਵ 1947 ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ ਓ ਸੀ) ਮੈਂਬਰ ਡਾ. ਗ੍ਰਸ ਨੇ ਪੇਸ਼ ਕੀਤਾ ਸੀ ਤਾਂ ਜੋ 23 ਜੂਨ 1894 ਦੀ ਸਥਾਪਨਾ ਨੂੰ ਯਾਦ ਕਰਦਿਆਂ ਵਿਸ਼ਵ ਪੱਧਰ ’ਤੇ ਓਲੰਪਿਕ ਲਹਿਰ ਨੂੰ ਪ੍ਰਫੁੱਲਤ ਕੀਤਾ ਜਾ ਸਕੇ। ਇਸ ਪ੍ਰਸਤਾਵ ਨੂੰ ਜਨਵਰੀ 1948 ਵਿੱਚ ਪ੍ਰਵਾਨਗੀ ਮਿਲੀ ਅਤੇ 23 ਜੂਨ 1948 ਨੂੰ ਪਹਿਲਾ ਅੰਤਰਰਾਸ਼ਟਰੀ ਓਲੰਪਿਕ ਦਿਵਸ ਮਨਾਇਆ ਗਿਆ।

Advertisement

ਉਸ ਸਮੇਂ ਆਈ ਓ ਸੀ ਦੇ ਪ੍ਰਧਾਨ ਸਿਗਫਰਿਡ ਐਡਸਟਰਮ ਦੇ ਸੰਦੇਸ਼ ਸਦਕਾ ਨੌਜਵਾਨਾਂ ਨੇ ਇਸ ਵਿੱਚ ਵੱਡੀ ਦਿਲਚਸਪੀ ਵਿਖਾਈ। ਪਹਿਲੇ ਓਲੰਪਿਕ ਦਿਵਸ ਮੌਕੇ ਸਿਰਫ਼ 9 ਦੇਸ਼ਾਂ (ਪੁਰਤਗਾਲ, ਯੂਨਾਨ, ਆਸਟਰੀਆ, ਕੈਨੇਡਾ, ਸਵਿਟਜ਼ਰਲੈਂਡ, ਗ੍ਰੇਟ ਬ੍ਰਿਟੇਨ, ਉਰੂਗੁਏ, ਵੈਨੇਜ਼ੁਏਲਾ ਅਤੇ ਬੈਲਜੀਅਮ) ਵਿੱਚ ਸਮਾਗਮ ਹੋਏ ਸਨ ਪਰ ਅੱਜ ਇਹ ਦਿਨ ਦੁਨੀਆ ਭਰ ਦੀਆਂ 200 ਤੋਂ ਵੀ ਵੱਧ ਰਾਸ਼ਟਰੀ ਓਲੰਪਿਕ ਕਮੇਟੀਆਂ ਵੱਲੋਂ ਬਹੁਤ ਵੱਡੇ ਪੱਧਰ ’ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਵਿਸ਼ਵ ਸਿਹਤ ਸੰਗਠਨ ਨਾਲ ਮਿਲ ਕੇ ‘ਲੈਟਸ ਮੂਵ’ ਨਾਂ ਦੀ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦਾ ਮਕਸਦ ਬਿਹਤਰ ਸਿਹਤ ਲਈ ਹਰ ਰੋਜ਼ ਸਮਾਂ ਕੱਢਣਾ ਹੈ। ਅੰਤਰਰਾਸ਼ਟਰੀ ਓਲੰਪਿਕ ਦਿਵਸ ਦਾ ਬਹੁਤ ਮਹੱਤਵ ਹੈ ਕਿਉਂਕਿ ਇਹ ਸਿਹਤ, ਚਰਿੱਤਰ ਅਤੇ ਸਮਾਜ ਨੂੰ ਬਿਹਤਰ ਬਣਾਉਣ ਦੇ ਸਾਧਨ ਵਜੋਂ ਖੇਡਾਂ ਨੂੰ ਉਤਸ਼ਾਹਿਤ ਕਰਦਾ ਹੈ। ਇਹ ਲੋਕਾਂ ਨੂੰ ਯਾਦ ਦਿਵਾਉਂਦਾ ਹੈ ਕਿ ਖੇਡ ਸਿਰਫ਼ ਮੈਡਲ ਜਿੱਤਣ ਲਈ ਨਹੀਂ, ਬਲਕਿ ਬਿਹਤਰ ਜੀਵਨ ਜਿਊਣ ਦੀ ਕਲਾ ਅਤੇ ਕਦਰਾਂ-ਕੀਮਤਾਂ ਸਿੱਖਣ ਲਈ ਹੁੰਦੀ ਹੈ।

ਅੰਤਰਰਾਸ਼ਟਰੀ ਓਲੰਪਿਕ ਦਿਵਸ ਦੇ ਤਿੰਨ ਮੁੱਖ ਥੰਮ ਮੰਨੇ ਗਏ ਹਨ: ਪਹਿਲਾ ਥੰਮ ਹੈ ‘ਅੱਗੇ ਵਧੋ’, ਇਹ ਲੋਕਾਂ ਨੂੰ ਸਰੀਰਕ ਤੌਰ ’ਤੇ ਸਰਗਰਮ ਰਹਿਣ ਲਈ ਉਤਸ਼ਾਹਿਤ ਕਰਦਾ ਹੈ, ਜਿਸ ਵਿੱਚ ਦੌੜਨਾ, ਪੈਦਲ ਤੁਰਨਾ, ਯੋਗਾ, ਸਾਈਕਲਿੰਗ ਜਾਂ ਕੋਈ ਵੀ ਅਜਿਹੀ ਖੇਡ ਸ਼ਾਮਲ ਹੋ ਸਕਦੀ ਹੈ ਜੋ ਸਰੀਰ ਨੂੰ ਚੁਸਤ ਰੱਖੇ। ਦੂਜਾ ਥੰਮ ਹੈ ‘ਸਿੱਖੋ’, ਇਹ ਲੋਕਾਂ ਨੂੰ ਓਲੰਪਿਕ ਦਾ ਇਤਿਹਾਸ, ਕਦਰਾਂ-ਕੀਮਤਾਂ, ਨਿਰਪੱਖ ਹੋ ਕੇ ਖੇਡਣਾ, ਆਪਸੀ ਸਹਿਯੋਗ, ਸਨਮਾਨ ਅਤੇ ਅਨੁਸ਼ਾਸਨ ਬਾਰੇ ਜਾਗਰੂਕ ਕਰਦਾ ਹੈ। ਤੀਜਾ ਥੰਮ ਹੈ ‘ਖੋਜ’, ਇਹ ਲੋਕਾਂ ਨੂੰ ਨਵੀਆਂ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਫਿਟਨੈਸ ਚੁਣੌਤੀਆਂ ਅਤੇ ਓਲੰਪਿਕ ਪਰੰਪਰਾਵਾਂ ਦੀ ਪੜਚੋਲ ਕਰਨ ਲਈ ਪ੍ਰੇਰਿਤ ਕਰਦਾ ਹੈ।

ਅੰਤਰਰਾਸ਼ਟਰੀ ਓਲੰਪਿਕ ਦਿਵਸ 2026 ਦੁਨੀਆ ਭਰ ਵਿੱਚ ਵੱਖ-ਵੱਖ ਖੇਡ ਅਤੇ ਵਿੱਦਿਅਕ ਗਤੀਵਿਧੀਆਂ ਰਾਹੀਂ ਮਨਾਇਆ ਜਾ ਰਿਹਾ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ ਓ ਸੀ) ਦੀ ‘ਲੈਟਸ ਮੂਵ’ ਮੁਹਿੰਮ ਲੋਕਾਂ ਨੂੰ ਸਰਗਰਮ ਰਹਿਣ ਅਤੇ ਆਪਣੀ ਤੰਦਰੁਸਤੀ ਦੀ ਰੁਟੀਨ ਨੂੰ ਆਨਲਾਈਨ ਸਾਂਝਾ ਕਰਨ ਲਈ ਉਤਸ਼ਾਹਿਤ ਕਰਦੀ ਹੈ। ਖੇਡ ਸਾਡੇ ਸਾਰਿਆਂ ਲਈ ਹੈ, ਭਾਵੇਂ ਕੋਈ ਓਲੰਪੀਅਨ ਹੋਵੇ ਜਾਂ ਕੋਈ ਮਨੋਰੰਜਨ ਲਈ ਖੇਡਦਾ ਹੋਵੇ। ਆਓ, ਇਸ ਦਿਨ ਇਹ ਪ੍ਰਣ ਕਰੀਏ ਕਿ ਅਸੀਂ ਸਾਰੇ ਸਰੀਰਕ ਗਤੀਵਿਧੀਆਂ ਵਿੱਚ ਭਾਗ ਲਵਾਂਗੇ ਅਤੇ ਤੰਦਰੁਸਤ ਜੀਵਨ ਬਤੀਤ ਕਰਦੇ ਹੋਏ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਾਂਗੇ।

ਸੰਪਰਕ: 94178-30981

Advertisement
×