ਲਗਾਤਾਰ ਦੋ ਵਾਰ ਦਾ ਚੈਂਪੀਅਨ ਕਾਰਲੋਸ ਅਲਕਰਾਜ਼ ਸੱਟ ਕਾਰਨ ਬਾਹਰ ਹੈ। ਫਰਾਂਸ ਦੇ ਹੋਣਹਾਰ 21 ਸਾਲਾ ਖਿਡਾਰੀ ਆਰਥਰ ਫਿਲਸ ਨੇ ਵੀ ਜਿਸਮਾਨੀ ਸਮੱਸਿਆ ਕਾਰਨ ਆਪਣਾ ਨਾਂ ਵਾਪਸ ਲੈ ਲਿਆ ਹੈ। ਜੈਕ ਡਰੇਪਰ ਵੀ ਪਿਛਲੇ ਕਈ ਮਹੀਨਿਆਂ ਤੋਂ ਸੱਜੇ ਗੋਡੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਇਸ ਕਾਰਨ ਚੋਟੀ ਦੀ ਰੈਂਕਿੰਗ ਵਾਲਾ ਯਾਨਿਕ ਸਿਨਰ ਜੋ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ 29 ਮੈਚਾਂ ਦੀ ਜਿੱਤ ਦੇ ਸਿਲਸਿਲੇ ਨਾਲ ਫਰੈਂਚ ਓਪਨ ਵਿੱਚ ਉਤਰਿਆ ਹੈ, ਨੂੰ ਚੁਣੌਤੀ ਦੇਣ ਵਾਲੇ ਦਾਅਵੇਦਾਰਾਂ ਦੀ ਸੂਚੀ ਲਗਾਤਾਰ ਛੋਟੀ ਹੋ ਰਹੀ ਹੈ। ਅਜਿਹੇ ਸਮੇਂ ਵਿੱਚ ਐਂਟਰੀ ਹੋਈ ਹੈ ਰਾਫੇਲ ਹੋਡਰ ਦੀ, ਜੋ ਸਪੇਨ ਦਾ 19 ਸਾਲਾ ਖਿਡਾਰੀ ਹੈ ਅਤੇ ਏ ਟੀ ਪੀ ਟੂਰ ’ਤੇ ਲਗਾਤਾਰ ਸੁਰਖ਼ੀਆਂ ਵਿੱਚ ਹੈ।
ਹੋਡਰ ਨੇ ਰੋਲਾਂ ਗੈਰੋ (ਫਰੈਂਚ ਓਪਨ ਦੇ ਸਟੇਡੀਅਮ ਦਾ ਨਾਂ) ਵਿੱਚ ਆਪਣੇ ਪਹਿਲੇ ਮੈਚ ਦੌਰਾਨ ਪ੍ਰਭਾਵਿਤ ਕਰਨਾ ਜਾਰੀ ਰੱਖਿਆ। ਕਲੇਅ ਕੋਰਟ ਗਰੈਂਡਸਲੈਮ ਵਿੱਚ ਭਿਆਨਕ ਗਰਮੀ ਦੇ ਬਾਵਜੂਦ, ਉਸ ਨੇ ਸੋਮਵਾਰ ਨੂੰ ਅਮਰੀਕੀ ਵਿਰੋਧੀ ਐਲੇਗਜ਼ੈਂਡਰ ਕੋਵਾਸੇਵਿਕ ਨੂੰ 6-1, 6-0, 6-4 ਨਾਲ ਕਰਾਰੀ ਹਾਰ ਦਿੱਤੀ ਅਤੇ ਪੂਰੇ ਮੈਚ ਵਿੱਚ ਸਿਰਫ਼ ਪੰਜ ਗੇਮਾਂ ਗੁਆਈਆਂ।
ਫਰੈਂਚ ਓਪਨ ਦੇ ਪਹਿਲੇ ਮੈਚ ਵਿੱਚ ਇਸ ਤੋਂ ਘੱਟ ਗੇਮਾਂ ਗੁਆਉਣ ਵਾਲਾ ਆਖ਼ਰੀ ਖਿਡਾਰੀ ਨੋਵਾਕ ਜੋਕੋਵਿਚ ਸੀ, ਜਿਸ ਨੇ 2005 ਵਿੱਚ ਰੌਬੀ ਗਿਨੇਪਰੀ ਵਿਰੁੱਧ ਸਿਰਫ਼ ਤਿੰਨ ਗੇਮਾਂ ਗੁਆਈਆਂ ਸਨ। ਜੋਦਾਰ ਨੇ ਕਿਹਾ, ‘‘ਮੈਂ ਸ਼ੁਰੂਆਤ ਤੋਂ ਹੀ ਚੀਜ਼ਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਕੀਤਾ। ਟੂਰ ’ਤੇ ਇਹ ਮੇਰਾ ਪਹਿਲਾ ਸਾਲ ਹੈ ਅਤੇ ਮੈਂ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦਾ ਤਜਰਬਾ ਕਰ ਰਿਹਾ ਹਾਂ।’’
ਵਾਵਰਿੰਕਾ ਤੇ ਮੋਨਫਿਲਸ ਫਰੈਂਚ ਓਪਨ ਤੋਂ ਬਾਹਰ
ਪੈਰਿਸ: ਸਟੈਨ ਵਾਵਰਿੰਕਾ ਅਤੇ ਗੇਲ ਮੋਨਫਿਲਸ ਪਹਿਲੇ ਗੇੜ ਵਿੱਚ ਹਾਰਨ ਤੋਂ ਬਾਅਦ ਫਰੈਂਚ ਓਪਨ ਤੋਂ ਬਾਹਰ ਹੋ ਗਏ ਹਨ। ਗੇਲ ਮੋਨਫਿਲਸ ਦਾ ਸਫ਼ਰ ਅੱਧੀ ਰਾਤ ਤੋਂ ਠੀਕ ਪਹਿਲਾਂ ਖ਼ਤਮ ਹੋਇਆ, ਜਦੋਂ ਉਹ ਆਪਣੇ ਹੀ ਦੇਸ਼ (ਫਰਾਂਸ) ਦੇ ਹਿਊਗੋ ਗੈਸਟਨ ਤੋਂ 6-2, 6-3, 3-6, 2-6, 6-0 ਨਾਲ ਹਾਰ ਗਿਆ। 39 ਸਾਲਾ ਮੋਨਫਿਲਸ ਦੀ ਰੋਲਾਂ ਗੈਰੋ (ਫਰੈਂਚ ਓਪਨ) ਵਿੱਚ ਇਹ ਆਖ਼ਰੀ ਜ਼ੋਰ ਅਜ਼ਮਾਈ ਸੀ। ਅਜਿਹਾ ਹੀ ਕੁਝ 41 ਸਾਲਾ ਵਾਵਰਿੰਕਾ ਨਾਲ ਵੀ ਹੋਇਆ, ਜੋ ਇਸ ਤੋਂ ਪਹਿਲਾਂ ਭਿਆਨਕ ਗਰਮੀ ਦੇ ਦਿਨ ਜੇਸਪਰ ਡੀ ਜੌਂਗ ਤੋਂ 6-3, 3-6, 6-3, 6-4 ਨਾਲ ਹਾਰ ਗਿਆ। ਮੋਨਫਿਲਸ ਅਤੇ ਵਾਵਰਿੰਕਾ ਇਸ ਸਾਲ ਦੇ ਅੰਤ ਵਿੱਚ ਟੈਨਿਸ ਤੋਂ ਸੰਨਿਆਸ ਲੈ ਰਹੇ ਹਨ। ਉਨ੍ਹਾਂ ਨੇ 21 ਸਾਲ ਪਹਿਲਾਂ ਫਰੈਂਚ ਓਪਨ ਵਿੱਚ ਆਪਣਾ ਪਹਿਲਾ ਮੈਚ ਖੇਡਿਆ ਸੀ। ਵਾਵਰਿੰਕਾ ਨੇ ਆਪਣੇ ਕਰੀਅਰ ਵਿੱਚ ਤਿੰਨ ਗਰੈਂਡਸਲੈਮ ਖ਼ਿਤਾਬ ਜਿੱਤੇ। ਭਾਵੇਂ ਮੋਨਫਿਲਸ ਕਦੇ ਕਿਸੇ ਵੱਡੇ ਟੂਰਨਾਮੈਂਟ ਦੇ ਫਾਈਨਲ ਵਿੱਚ ਨਹੀਂ ਪਹੁੰਚ ਸਕਿਆ ਪਰ ਉਸ ਦੀ ਪ੍ਰਸਿੱਧੀ ਅਜੇ ਵੀ ਬਹੁਤ ਜ਼ਿਆਦਾ ਹੈ। -ਏਪੀ

