ਦਿੱਲੀ ਦੇ ਹਸਪਤਾਲ 'ਚ ਮੌਤ ਨਾਲ ਜੂਝ ਰਿਹਾ ਅਫ਼ਗਾਨਿਸਤਾਨ ਦਾ ਸਾਬਕਾ ਤੇਜ਼ ਗੇਂਦਬਾਜ਼
ਦੁਰਲੱਭ ਬਿਮਾਰੀ HLH ਕਾਰਨ ਹਾਲਤ ਗੰਭੀਰ, ਆਈਸੀਯੂ 'ਚ ਚੱਲ ਰਿਹਾ ਹੈ ਇਲਾਜ
ਅਫ਼ਗਾਨਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ਾਪੂਰ ਜ਼ਾਦਰਾਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਹ 'ਹੀਮੋਫੈਗੋਸਾਈਟਿਕ ਲਿਮਫੋਹਿਸਟੀਓਸਾਈਟੋਸਿਸ' (HLH) ਨਾਮਕ ਇੱਕ ਦੁਰਲੱਭ ਅਤੇ ਜਾਨਲੇਵਾ ਬਿਮਾਰੀ ਤੋਂ ਪੀੜਤ ਹਨ, ਜਿਸ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
38 ਸਾਲਾ ਇਹ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਇਸ ਵੇਲੇ ਨਵੀਂ ਦਿੱਲੀ ਦੇ ਇੱਕ ਹਸਪਤਾਲ ਦੇ ਆਈਸੀਯੂ ਵਿੱਚ ਹੈ, ਜਿੱਥੇ ਜਨਵਰੀ ਤੋਂ ਉਸ ਦਾ ਇਲਾਜ ਚੱਲ ਰਿਹਾ ਹੈ। ਐੱਚਐੱਲਐੱਚ (HLH) ਮੁੱਖ ਤੌਰ 'ਤੇ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸਰੀਰ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ (Immune System) ਬੁਰੀ ਤਰ੍ਹਾਂ ਕਮਜ਼ੋਰ ਹੋ ਜਾਂਦੀ ਹੈ। ਇਸ ਬਿਮਾਰੀ ਵਿੱਚ ਸਰੀਰ ਦੇ ਅੰਦਰੂਨੀ ਟਿਸ਼ੂਆਂ, ਖਾਸ ਕਰਕੇ ਬੋਨ ਮੈਰੋ, ਲਿਵਰ ਅਤੇ ਤਿੱਲੀ ਨੂੰ ਨੁਕਸਾਨ ਪਹੁੰਚਦਾ ਹੈ।
ਸ਼ਾਪੂਰ ਦੇ ਛੋਟੇ ਭਰਾ Ghamai Zadran ਨੇ ਦੱਸਿਆ ਕਿ ਪਿਛਲੇ ਸਾਲ ਅਕਤੂਬਰ ਵਿੱਚ ਸ਼ਾਪੂਰ ਦੀ ਸਿਹਤ ਨਿਗੜਨੀ ਸ਼ੁਰੂ ਹੋਈ ਸੀ। ਅਫ਼ਗਾਨਿਸਤਾਨ ਦੇ ਡਾਕਟਰਾਂ ਨੇ ਉਸ ਨੂੰ ਬਿਹਤਰ ਇਲਾਜ ਲਈ ਭਾਰਤ ਜਾਣ ਦੀ ਸਲਾਹ ਦਿੱਤੀ ਸੀ। 'ਈਐੱਸਪੀਐੱਨ ਕ੍ਰਿਕਇੰਫੋ' ਨਾਲ ਗੱਲਬਾਤ ਕਰਦਿਆਂ Ghamai ਨੇ ਦੱਸਿਆ, "ਇਹ ਬਹੁਤ ਗੰਭੀਰ ਇਨਫੈਕਸ਼ਨ ਸੀ। ਉਨ੍ਹਾਂ ਦੇ ਪੂਰੇ ਸਰੀਰ ਵਿੱਚ ਟੀਬੀ ਸਮੇਤ ਇਨਫੈਕਸ਼ਨ ਫੈਲ ਚੁੱਕੀ ਸੀ। ਐਮਆਰਆਈ ਅਤੇ ਸੀਟੀ ਸਕੈਨ ਤੋਂ ਪਤਾ ਲੱਗਾ ਕਿ ਇਹ ਇਨਫੈਕਸ਼ਨ ਉਨ੍ਹਾਂ ਦੇ ਦਿਮਾਗ ਤੱਕ ਵੀ ਪਹੁੰਚ ਗਈ ਹੈ।"
ਸ਼ੁਰੂਆਤ ਵਿੱਚ ਸ਼ਾਪੂਰ ਦੀ ਸਿਹਤ ਵਿੱਚ ਸੁਧਾਰ ਹੋਇਆ ਸੀ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ, ਪਰ 20 ਦਿਨਾਂ ਬਾਅਦ ਉਨ੍ਹਾਂ ਦੀ ਹਾਲਤ ਫਿਰ ਵਿਗੜ ਗਈ। Ghamai ਮੁਤਾਬਕ, ਡਾਕਟਰਾਂ ਨੇ ਨਿਯਮਤ ਚੈੱਕਅਪ ਲਈ ਕਿਹਾ ਸੀ, ਪਰ ਇਨਫੈਕਸ਼ਨ ਦੁਬਾਰਾ ਹੋਣ ਕਾਰਨ ਉਨ੍ਹਾਂ ਨੂੰ ਮੁੜ ਹਸਪਤਾਲ ਦਾਖਲ ਕਰਵਾਉਣਾ ਪਿਆ। ਸ਼ਾਪੂਰ ਜ਼ਾਦਰਾਨ ਨੇ 2009 ਤੋਂ 2020 ਦਰਮਿਆਨ ਅਫ਼ਗਾਨਿਸਤਾਨ ਲਈ 44 ਇੱਕ ਰੋਜ਼ਾ (ODI) ਅਤੇ 36 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।

