Football Championship: ਅੰਡਰ-17 ਵਿੱਚ ਕੇਰਲਮ ਨੇ ਖ਼ਿਤਾਬ ਜਿੱਤਿਆ
ਪੱਛਮੀ ਬੰਗਾਲ ਨੂੰ 2-0 ਨਾਲ ਹਰਾਇਆ; ਅੰਡਰ-14 ’ਚ ਬਿਹਾਰ ਨੇ ਉੱਤਰ ਪ੍ਰਦੇਸ਼ ਨੂੰ ਮਾਤ ਪਾਈ
ਸੰਤ ਹਰੀ ਸਿੰਘ ਮਾਡਲ ਸਕੂਲ, ਮਾਹਿਲਪੁਰ ਵਿੱਚ ਕਰਵਾਈ ਗਈ 7ਵੀਂ ਸੀ ਆਈ ਐੱਸ ਸੀ ਈ ਨੈਸ਼ਨਲ ਗੇਮਜ਼ ਐਂਡ ਸਪੋਰਟਸ ਚੈਂਪੀਅਨਸ਼ਿਪ-2026 ਤਹਿਤ ਕਰਵਾਏ ਗਏ ਕੌਮੀ ਪੱਧਰ ਦੇ ਫੁਟਬਾਲ ਟੂਰਨਾਮੈਂਟ ਦੀ ਸ਼ਾਨਦਾਰ ਸਮਾਪਤੀ ਹੋਈ। ਇਹ ਟੂਰਨਾਮੈਂਟ 29 ਸਤੰਬਰ ਤੋਂ 2 ਅਕਤੂਬਰ ਤੱਕ ਕਰਵਾਇਆ ਗਿਆ, ਜਿਸ ਵਿੱਚ ਦੇਸ਼ ਭਰ ਤੋਂ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਫੁਟਬਾਲ ਦੇ ਵੱਖ-ਵੱਖ ਉਮਰ ਵਰਗਾਂ ਦੇ ਫਾਈਨਲ ਅਤੇ ਤੀਜੇ ਸਥਾਨ ਦੇ ਮੁਕਾਬਲੇ ਬੇਹੱਦ ਰੋਮਾਂਚਕ ਰਹੇ। ਅੰਡਰ-17 ਉਮਰ ਵਰਗ ਦੇ ਫਾਈਨਲ ਵਿੱਚ ਕੇਰਲਮ ਨੇ ਪੱਛਮੀ ਬੰਗਾਲ ਨੂੰ 2-0 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਇਸ ਤੋਂ ਪਹਿਲਾਂ ਤੀਜੇ ਸਥਾਨ ਦੇ ਮੁਕਾਬਲੇ ਵਿੱਚ ਉੱਤਰ ਪ੍ਰਦੇਸ਼ ਨੇ ਉੜੀਸਾ ਨੂੰ 1-0 ਨਾਲ ਹਰਾਇਆ। ਅੰਡਰ-14 ਵਰਗ ਦੇ ਫਾਈਨਲ ਵਿੱਚ ਬਿਹਾਰ ਨੇ ਉੱਤਰ ਪ੍ਰਦੇਸ਼ ਨੂੰ 5-0 ਨਾਲ ਹਰਾਇਆ, ਜਦਕਿ ਤੀਜੇ ਸਥਾਨ ਦੇ ਮੁਕਾਬਲੇ ਵਿੱਚ ਨੌਰਥ ਇੰਡੀਆ ਨੇ ਤਾਮਿਲ ਨਾਡੂ ਨੂੰ 2-1 ਨਾਲ ਹਰਾਇਆ। ਇਸੇ ਤਰ੍ਹਾਂ ਅੰਡਰ-19 ਉਮਰ ਵਰਗ ਦੇ ਫਾਈਨਲ ਵਿੱਚ ਮਹਾਰਾਸ਼ਟਰ ਨੇ ਨੌਰਥ ਇੰਡੀਆ ਨੂੰ 1-0 ਨਾਲ ਹਰਾਇਆ, ਜਦਕਿ ਤੀਜੇ ਸਥਾਨ ਦੇ ਮੁਕਾਬਲੇ ਵਿੱਚ ਕੇਰਲਮ ਨੇ ਨੌਰਥ ਈਸਟ ਨੂੰ 5-1 ਨਾਲ ਹਰਾਇਆ। ਇਸ ਮੌਕੇ ਸੇਂਟ ਜੂਡ ਸਕੂਲ, ਗੋਰਖਪੁਰ ਦੇ ਪ੍ਰਿੰਸੀਪਲ ਡੇਵਿਡ ਜੌਰਜ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਦੌਰਾਨ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਸਰਪ੍ਰਸਤ ਡਾ. ਜੰਗ ਬਹਾਦਰ ਸਿੰਘ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸਕੱਤਰ ਪ੍ਰੋ. ਅਪਿੰਦਰ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬੈਂਸ, ਖ਼ਜ਼ਾਨਚੀ ਵਰਿੰਦਰ ਕੁਮਾਰ ਸ਼ਰਮਾ, ਪ੍ਰਿੰਸੀਪਲ ਸ਼ਿਬੂ ਮੈਥਿਊ, ਵਾਈਸ ਪ੍ਰਿੰਸੀਪਲ ਡਾ. ਵਿਸ਼ਾਲ ਕੁਮਾਰ ਸਣੇ ਹੋਰ ਅਹੁਦੇਦਾਰਾਂ ਵਿੱਚ ਸੁਰਿੰਦਰ ਪਾਲ, ਜਸਪ੍ਰੀਤ ਗਿੱਲ, ਬੀ ਐਡ ਕਾਲਜ ਦੇ ਪ੍ਰਿੰਸੀਪਲ ਡਾ. ਰੋਹਤਾਸ਼ ਅਤੇ ਸਕੂਲ ਸਟਾਫ ਹਾਜ਼ਰ ਸੀ।

