Food Safety: ਰਸੋਈ ’ਚ ਕੀੜੇ ਮਿਲਣ ’ਤੇ ਅਦਾਲਤ ਵੱਲੋਂ ਐੱਮ ਸੀ ਏ ਦੀ ਝਾੜ-ਝੰਬ
ਬੰਬੇ ਹਾਈ ਕੋਰਟ ਨੇ ਮੁੰਬਈ ਕ੍ਰਿਕਟ ਐਸੋਸੀਏਸ਼ਨ ਦੀ ਰਸੋਈ ਵਿਚੋਂ ਕੀੜੇ-ਮਕੌੜੇ (ਮੱਖੀਆਂ ਤੇ ਕੌਕਰੋਚ) ਮਿਲਣ ’ਤੇ ਅੱਜ ਵਿਅੰਗ ਕੱਸਦਿਆਂ ਪੁੱਛਿਆ ਕਿ ਕੀ ਖਿਡਾਰੀਆਂ ਨੂੰ ਪਤਾ ਸੀ ਕਿ ਉਹ ‘ਮਾਸਾਹਾਰੀ ਚਾਹ’ ਪੀ ਰਹੇ ਹਨ। ਅਦਾਲਤ ਨੇ ਇਸ ਦੇ ਨਾਲ ਹੀ ਐੱਮ...
ਬੰਬੇ ਹਾਈ ਕੋਰਟ ਨੇ ਮੁੰਬਈ ਕ੍ਰਿਕਟ ਐਸੋਸੀਏਸ਼ਨ ਦੀ ਰਸੋਈ ਵਿਚੋਂ ਕੀੜੇ-ਮਕੌੜੇ (ਮੱਖੀਆਂ ਤੇ ਕੌਕਰੋਚ) ਮਿਲਣ ’ਤੇ ਅੱਜ ਵਿਅੰਗ ਕੱਸਦਿਆਂ ਪੁੱਛਿਆ ਕਿ ਕੀ ਖਿਡਾਰੀਆਂ ਨੂੰ ਪਤਾ ਸੀ ਕਿ ਉਹ ‘ਮਾਸਾਹਾਰੀ ਚਾਹ’ ਪੀ ਰਹੇ ਹਨ। ਅਦਾਲਤ ਨੇ ਇਸ ਦੇ ਨਾਲ ਹੀ ਐੱਮ ਸੀ ਏ ਨੂੰ ਨਿਰਦੇਸ਼ ਦਿੱਤਾ ਕਿ ਉਹ ਵੀਰਵਾਰ ਨੂੰ ਮਹਾਰਾਸ਼ਟਰ ਖ਼ੁਰਾਕ ਅਤੇ ਦਵਾ ਪ੍ਰਸ਼ਾਸਨ (ਐੱਫ ਡੀ ਏ) ਅਧਿਕਾਰੀਆਂ ਵੱਲੋਂ ਨਿਰੀਖਣ ਕੀਤੇ ਜਾਣ ਤੋਂ ਪਹਿਲਾਂ ਆਪਣੀਆਂ ਰਸੋਈਆਂ ਨੂੰ ਸਾਫ਼ ਕਰੇ।
ਕਾਰਜਕਾਰੀ ਚੀਫ ਜਸਟਿਸ ਰਵਿੰਦਰ ਘੁਗੇ ਅਤੇ ਜਸਟਿਸ ਗੌਤਮ ਅਖੰਡ ਦਾ ਬੈਂਚ ਐੱਮ ਸੀ ਏ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ ਜਿਸ ਵਿੱਚ ਐੱਫ ਡੀ ਏ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ ਰਾਹੀਂ ਖ਼ੁਰਾਕ ਅਤੇ ਸਫ਼ਾਈ ਦੀ ਗੰਭੀਰ ਉਲੰਘਣਾ ਕਾਰਨ ਇਸ ਕ੍ਰਿਕਟ ਐਸੋਸੀਏਸ਼ਨ ਦੇ ਬਾਂਦਰਾ ਕੁਰਲਾ ਕੰਪਲੈਕਸ ’ਚ ਚੱਲ ਰਹੇ ਪੰਜ ਰੈਸਟੋਰੈਂਟਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਸਨ। ਐੱਮ ਸੀ ਏ ਦੇ ਵਕੀਲ ਵਿਕਰਮ ਨਾਨਕਾਨੀ ਨੇ ਕਿਹਾ ਕਿ ਐੱਫ ਡੀ ਏ ਨੂੰ ਨੋਟਿਸ ਜਾਰੀ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਰਸੋਈਆਂ ’ਚ ਖ਼ਾਮੀਆਂ ਦੂਰ ਕੀਤੀਆਂ ਜਾ ਸਕਣ। ਬੈਂਚ ਮੁਤਾਬਕ ਜੇ ਸਫ਼ਾਈ ਨੇਮਾਂ ਦੀ ਉਲੰਘਣਾ ਹੋਈ ਹੈ ਤਾਂ ਐੱਫ ਡੀ ਏ ਤੁਰੰਤ ਲਾਇਸੈਂਸ ਮੁਅੱਤਲ ਕਰਨ ਦਾ ਫ਼ੈਸਲਾ ਕਰ ਸਕਦਾ ਹੈ। ਇਸ ਮਗਰੋਂ ਨਾਨਕਾਨੀ ਨੇ ਕਿਹਾ ਕਿ ਸਾਰੇ ਰੈਸਟੋਰੈਂਟ ਤੇ ਰਸੋਈਆਂ ਬੰਦ ਹੋਣ ਕਾਰਨ ਐੱਮ ਸੀ ਏ ਕ੍ਰਿਕਟਰਾਂ ਨੂੰ ਚਾਹ ਪਰੋਸਣ ’ਚ ਵੀ ਅਸਮਰੱਥ ਹੈ। ਇਸ ’ਤੇ ਮੁੱਖ ਕਾਰਜਕਾਰੀ ਜਸਿਟਸ ਘੁਗੇ ਨੇ ਕਿਹਾ, ‘‘ਰੈਸਟੋਰੈਂਟ ਦੀਆਂ ਰਸੋਈਆਂ ਵਿੱਚ ਮੱਖੀਆਂ ਤੇ ਕੌਕਰੋਚ ਹਨ। ਇਹ ਮਾਸਾਹਾਰੀ ਚਾਹ ਹੈ।’’

