ਪਹਿਲਾ ਇਕ ਰੋਜ਼ਾ: ਭਾਰਤ ਦੀ ਨਿਊਜ਼ੀਲੈਂਡ ਖ਼ਿਲਾਫ਼ ਸ਼ਾਨਦਾਰ ਜਿੱਤ
ਲੰਮ-ਸਲੰਮੇ ਗੁਰਨੂਰ ਬਰਾੜ ਦੀ ਅਗਵਾਈ ਵਾਲੀ ਨੌਜਵਾਨ ਤੇਜ਼ ਗੇਂਦਬਾਜ਼ੀ ਯੂਨਿਟ ਨੇ ਨਿਊਜ਼ੀਲੈਂਡ ਨੂੰ ਆਪਣੀ ਖ਼ਤਰਨਾਕ ਉਛਾਲ ਨਾਲ ਪ੍ਰੇਸ਼ਾਨ ਕੀਤਾ, ਜਿਸ ਮਗਰੋਂ ਵਿਰਾਟ ਕੋਹਲੀ ਨੇ ਅੱਜ ਮੀਂਹ ਨਾਲ ਪ੍ਰਭਾਵਿਤ ਪਹਿਲੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ 74 ਦੌੜਾਂ ਦੀ ਸ਼ਾਨਦਾਰ ਪਾਰੀ...
ਲੰਮ-ਸਲੰਮੇ ਗੁਰਨੂਰ ਬਰਾੜ ਦੀ ਅਗਵਾਈ ਵਾਲੀ ਨੌਜਵਾਨ ਤੇਜ਼ ਗੇਂਦਬਾਜ਼ੀ ਯੂਨਿਟ ਨੇ ਨਿਊਜ਼ੀਲੈਂਡ ਨੂੰ ਆਪਣੀ ਖ਼ਤਰਨਾਕ ਉਛਾਲ ਨਾਲ ਪ੍ਰੇਸ਼ਾਨ ਕੀਤਾ, ਜਿਸ ਮਗਰੋਂ ਵਿਰਾਟ ਕੋਹਲੀ ਨੇ ਅੱਜ ਮੀਂਹ ਨਾਲ ਪ੍ਰਭਾਵਿਤ ਪਹਿਲੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ 74 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਪਣੇ 38ਵੇਂ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਜਸ਼ਨ ਮਨਾਇਆ ਅਤੇ ਭਾਰਤ ਨੇ ਮੇਜ਼ਬਾਨ ਮੁਲਕ ਖ਼ਿਲਾਫ਼ ਪੰਜ ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ। 6.5 ਫੁਟ ਲੰਬੇ ਗੁਰਨੂਰ ਨੇ ਅਰਸ਼ਦੀਪ ਸਿੰਘ ਨਾਲ ਮਿਲ ਕੇ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਆਪਣੀ ਰਫ਼ਤਾਰ ਤੇ ਉਛਾਲ ਨਾਲ ਡਰਾਇਆ ਅਤੇ ਕਪਤਾਨ ਸ਼ੁਭਮਨ ਗਿੱਲ ਦੇ ਭਰੋਸੇ ’ਤੇ ਪੂਰੇ ਉਤਰਦਿਆਂ ਮੇਜ਼ਬਾਨ ਟੀਮ ਨੂੰ 40.2 ਓਵਰਾਂ ਵਿੱਚ 185 ਦੌੜਾਂ ’ਤੇ ਆਊਟ ਕਰ ਦਿੱਤਾ। ਭਾਰਤ ਨੇ 22.4 ਓਵਰਾਂ ਵਿੱਚ 143 ਦੌੜਾਂ ਦਾ ਸੋਧਿਆ ਹੋਇਆ ਟੀਚਾ ਹਾਸਲ ਕਰ ਲਿਆ, ਜਿਸ ਵਿੱਚ ਕੋਹਲੀ ਦੀ 51 ਗੇਂਦਾਂ ਦੀ ਪਾਰੀ ਨੇ ਸਭ ਤੋਂ ਵੱਧ ਪ੍ਰਭਾਵ ਪਾਇਆ, ਜਿਸ ਵਿੱਚ 13 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਭਾਰਤ ਦੇ ਮੁੱਖ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਨਾ ਦੀ ਗ਼ੈਰ-ਮੌਜੂਦਗੀ ਵਿੱਚ ਪੰਜਾਬ ਦੀ ਜੋੜੀ ਅਰਸ਼ਦੀਪ (10 ਓਵਰਾਂ ਵਿੱਚ 4/70) ਅਤੇ ਗੁਰਨੂਰ (9.2 ਓਵਰਾਂ ਵਿੱਚ 3/44) ਨੇ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਹਿਲਾ ਕੇ ਰੱਖ ਦਿੱਤਾ। ਮੈਦਾਨ ਦੇ ਅਸਾਧਾਰਨ ਤੌਰ ’ਤੇ ਛੋਟੇ ਅਤੇ ਸਿੱਧੇ ਆਕਾਰ ਕਾਰਨ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਪਰ ਅਰਸ਼ਦੀਪ ਨੇ ਸਹੀ ਲੰਬਾਈ ’ਤੇ ਗੇਂਦਬਾਜ਼ੀ ਕੀਤੀ ਅਤੇ ਬਿਨਾਂ ਕਿਸੇ ਗ਼ਲਤੀ ਦੇ ਸਟੀਕ ਨਿਸ਼ਾਨਾ ਰੱਖਿਆ। ਅੰਸ਼ੁਲ ਕੰਬੋਜ (10 ਓਵਰਾਂ ਵਿੱਚ 2/22) ਵੀ ਵਿਚਕਾਰਲੇ ਓਵਰਾਂ ਵਿੱਚ ਸ਼ਾਨਦਾਰ ਤਰੀਕੇ ਨਾਲ ਸਥਿਰ ਰਿਹਾ, ਜਿਸ ਨਾਲ ਮੁੱਖ ਕੋਚ ਗੌਤਮ ਗੰਭੀਰ ਨੂੰ ਤਿੰਨਾਂ ਨਵੇਂ ਖਿਡਾਰੀਆਂ ’ਤੇ ਦਾਅ ਖੇਡਣ ਦੇ ਆਪਣੇ ਫ਼ੈਸਲੇ ’ਤੇ ਮਾਣ ਹੋਵੇਗਾ। ਉਸ ਨੇ ਆਪਣੇ 10 ਓਵਰਾਂ ਦੇ ਸਪੈੱਲ ਵਿੱਚ ਹੈਰਾਨ ਕਰਨ ਵਾਲੀਆਂ 46 ਡਾਟ ਗੇਂਦਾਂ ਸੁੱਟੀਆਂ। ਰੋਹਿਤ ਸ਼ਰਮਾ (0) ਦੇ ਜਲਦੀ ਆਊਟ ਹੋਣ ਤੋਂ ਬਾਅਦ, ਕੋਹਲੀ ਨੇ ਸਾਰਾ ਘਾਟਾ ਪੂਰ ਦਿੱਤਾ। ਭਾਰਤੀ ਮਾਸਟਰ ਜੋ ਵੀਰਵਾਰ ਨੂੰ 38 ਸਾਲ ਦਾ ਹੋ ਜਾਵੇਗਾ, ਨੇ ਗਿੱਲ (37) ਦੇ ਨਾਲ ਮਿਲ ਕੇ ਆਪਣਾ 80ਵਾਂ ਇਕ ਰੋਜ਼ਾ ਨੀਮ ਸੈਂਕੜਾ ਜੜਿਆ। ਰੋਹਿਤ ਦੇ ਛੇ ਗੇਂਦਾਂ ’ਤੇ ਬਿਨਾਂ ਖਾਤਾ ਖੋਲ੍ਹਿਆਂ ਆਊਟ ਹੋਣ ਤੋਂ ਬਾਅਦ ਉਨ੍ਹਾਂ ਦੋਵਾਂ ਨੇ ਦੂਜੀ ਵਿਕਟ ਲਈ 113 ਦੌੜਾਂ ਦੀ ਭਾਈਵਾਲੀ ਕੀਤੀ। -ਪੀਟੀਆਈ

